ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਪੁਲਸ, ਵਣ ਗਾਰਡ ਅਤੇ ਜੇਲ੍ਹ ਵਾਰਡਨ ਵਰਗੀਆਂ ਸੇਵਾਵਾਂ ’ਚ ਅਗਨੀਵੀਰਾਂ ਲਈ 10 ਫੀਸਦੀ ਰਾਖਵੇਂਕਰਨ ਤੋਂ ਇਲਾਵਾ ਉਮਰ ’ਚ ਛੋਟ ਸਣੇ ਹੋਰ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਥੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਪਾਹੀ, ਖਣਨ ਗਾਰਡ, ਵਣ ਗਾਰਡ, ਜੇਲ੍ਹ ਵਾਰਡਨ ਅਤੇ ਵਿਸ਼ੇਸ਼ ਪੁਲਸ ਅਧਿਕਾਰੀ ਦੇ ਅਹੁਦਿਆਂ ’ਤੇ ਕੀਤੀ ਜਾਣ ਵਾਲੀ ਸਿੱਧੀ ਭਰਤੀ ’ਚ ਅਗਨੀਵੀਰ ਵਾਸਤੇ ਸਿੱਧਾ 10 ਫੀਸਦੀ ਰਾਖਵਾਂਕਰਨ ਹੋਵੇਗਾ। ਸੈਣੀ ਨੇ ਕਿਹਾ ਕਿ ਗਰੁੱਪ ‘ਸੀ’ ਅਤੇ ‘ਡੀ’ ਦੇ ਅਹੁਦਿਆਂ ’ਤੇ ਵੀ ਉਮਰ ਵਰਗ ’ਚ ਤਿੰਨ ਸਾਲ ਦੀ ਛੋਟ ਦਿੱਤੀ ਜਾਵੇਗੀ। ਅਗਨੀਵੀਰ ਦੇ ਪਹਿਲੇ ਬੈਚ ਲਈ ਇਹ ਛੋਟ ਪੰਜ ਸਾਲ ਹੋਵੇਗੀ।
ਕੁੱਤਿਆਂ ਨੇ ਬੱਚਾ ਮਾਰ’ਤਾ
ਹੈਦਰਾਬਾਦ : ਸ਼ਹਿਰ ਦੇ ਜਵਾਹਰ ਨਗਰ ’ਚ ਲਾਵਾਰਸ ਕੁੱਤਿਆਂ ਦੇ ਇਕ ਝੁੰਡ ਵੱਲੋਂ ਕੱਟੇ ਜਾਣ ਕਾਰਨ 18 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਮੰਗਲਵਾਰ ਰਾਤ ਬੱਚਾ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਇਕ ਕੁੱਤਾ ਉਸ ਨੂੰ ਕੁਝ ਦੂਰ ਤੱਕ ਘੜੀਸ ਕੇ ਲੈ ਗਿਆ। ਬਾਅਦ ਵਿੱਚ ਕੁਝ ਲਾਵਾਰਿਸ ਕੁੱਤੇ ਉਸ ’ਤੇ ਝਪਟ ਪਏ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਹਸਪਤਾਲ ’ਚ ਦੇਰ ਰਾਤ ਉਸ ਦੀ ਮੌਤ ਹੋ ਗਈ। ਪੀੜਤ ਪਰਵਾਰ ਸਿੱਧੀਪੇਟ ਜ਼ਿਲ੍ਹੇ ’ਚੋਂ ਦੋ ਮਹੀਨੇ ਪਹਿਲਾਂ ਹੀ ਜਵਾਹਰ ਨਗਰ ਆ ਕੇ ਰਹਿਣ ਲੱਗਾ ਸੀ।




