ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲਵਾਦੀਆਂ ਵੱਲੋਂ ਕੀਤੇ ਆਈ ਈ ਡੀ ਧਮਾਕੇ ਵਿਚ ਸਪੈਸ਼ਲ ਟਾਸਕ ਫੋਰਸ ਦੇ ਦੋ ਜਵਾਨ ਮਾਰੇ ਗਏ ਅਤੇ ਚਾਰ ਜ਼ਖਮੀ ਹੋ ਗਏ। ਬੁੱਧਵਾਰ ਰਾਤ ਤਰੇਮ ਖੇਤਰ ’ਚ ਸੁਰੱਖਿਆ ਕਰਮੀਆਂ ਦੀ ਟੀਮ ਬੀਜਾਪੁਰ-ਸੁਕਮਾ-ਦਾਂਤੇਵਾੜਾ ਜ਼ਿਲ੍ਹਿਆਂ ਦੇ ਜੰਗਲਾਂ ’ਚ ਨਕਸਲ ਵਿਰੋਧੀ ਮੁਹਿੰਮ ਤੋਂ ਪਰਤ ਰਹੀ ਸੀ। ਧਮਾਕੇ ’ਚ ਕਾਂਸਟੇਬਲ ਭਰਤ ਸਾਹੂ ਅਤੇ ਸਤੀਰ ਸਿੰਘ ਕਾਂਗੇ ਦੀ ਮੌਤ ਹੋ ਗਈ।
ਕਿਸਾਨ ਨੂੰ ਰੋਕਣ ’ਤੇ ਮਾਲ 7 ਦਿਨ ਬੰਦ ਰੱਖਣ ਦਾ ਹੁਕਮ
ਬੇਂਗਲੁਰੂ : ਕਰਨਾਟਕ ਸਰਕਾਰ ਨੇ ਇੱਥੋਂ ਦੇ ਇੱਕ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਹ ਕਾਰਵਾਈ ਇੱਕ ਕਿਸਾਨ ਨੂੰ ਕਥਿਤ ਤੌਰ ’ਤੇ ਧੋਤੀ ਲਾਈ ਹੋਈ ਕਾਰਨ ਮਾਲ ਵਿਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਕੀਤੀ ਗਈ ਹੈ। ਇਸ ਘਟਨਾ ਦੀ ਵਿਧਾਨ ਸਭਾ ’ਚ ਮੈਂਬਰਾਂ ਨੇ ਸਖਤ ਨਿੰਦਾ ਕੀਤੀ। ਸਰਕਾਰ ਨੇ ਕਿਸਾਨ ਦੇ ਅਪਮਾਨ ਨੂੰ ਮਾਣ ਅਤੇ ਸਵੈ-ਮਾਣ ਦੀ ਉਲੰਘਣਾ ਕਰਾਰ ਦਿੱਤਾ। ਉਸ ਨੇ ਕਿਹਾ ਕਿ ਇਸ ਮਾਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।




