ਆਰਥਕ ਸਰਵੇਖਣ ’ਚ ਰੁਜ਼ਗਾਰ ਵਧਾਉਣ ਲਈ ਕਾਰਪੋਰੇਟ ਸੈਕਟਰ ਦੀ ਭੂਮਿਕਾ ’ਤੇ ਜ਼ੋਰ

0
130

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਲੋਕ ਸਭਾ ’ਚ ਆਰਥਕ ਸਰਵੇਖਣ 2023-24 ਪੇਸ਼ ਕੀਤਾ। ਸਰਵੇਖਣ ਅਨੁਸਾਰ ਵਿੱਤੀ ਸਾਲ 2024-2025 ’ਚ ਆਰਥਕ ਵਿਕਾਸ ਦਰ 6.5 ਤੋਂ 7 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦਕਿ 2023-24 ’ਚ ਇਹ 8.2 ਫੀਸਦੀ ਰਹਿਣ ਦਾ ਅਨੁਮਾਨ ਸੀ। ਸਰਵੇਖਣ ਅਨੁਸਾਰ ਮਹਿੰਗਾਈ ਦਰ ਕਾਫੀ ਹੱਦ ਤੱਕ ਕਾਬੂ ਹੇਠ ਹੈ, ਹਾਲਾਂਕਿ ਕੁਝ ਖੁਰਾਕ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ਨਾਲ ਮਹਿੰਗਾਈ ਦਰ ’ਚ ਵਾਧਾ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਵਿੱਤੀ ਵਰ੍ਹੇ 2023 ਦੇ ਮੁਕਾਬਲੇ ਵਪਾਰ ਘਾਟਾ ਇਸ ਸਾਲ ਘੱਟ ਹੈ ਅਤੇ ਚਾਲੂ ਖਾਤੇ ਦਾ ਘਾਟਾ ਜੀ ਡੀ ਪੀ ਦਾ ਲੱਗਭੱਗ 0.7 ਫੀਸਦੀ ਹੈ। ਸਰਵੇਖਣ ਅਨੁਸਾਰ ਭਾਰਤੀ ਅਰਥਵਿਵਸਥਾ ਮੌਜੂਦਾ ਸਮੇਂ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ। ਸਟਾਕ ਮਾਰਕੀਟ ਦੇ ਬਾਰੇ ਆਰਥਿਕ ਸਰਵੇਖਣ ’ਚ ਕਿਹਾ ਗਿਆ ਹੈ ਕਿ ਮਾਰਕੀਟ ਨੇ ਵਿੱਤੀ ਸਾਲ 2024 ’ਚ 10.9 ਲੱਖ ਕਰੋੜ ਰੁਪਏ ਦੀ ਪੂੰਜੀ ਬਣਾਈ ਹੈ। ਸਟਾਕ ਮਾਰਕੀਟ ਦਾ ਨਿਫਟੀ-50 ਸੂਚਕਾਂਕ 26.8 ਫੀਸਦੀ ਵਧਿਆ ਹੈ। ਪਿਛਲੇ ਵਿੱਤੀ ਸਾਲ ਦੌਰਾਨ 8.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਸਰਵੇਖਣ ’ਚ ਕਿਹਾ ਗਿਆ ਹੈ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਚ ਕਾਰਪੋਰੇਟ ਸੈਕਟਰ ਦੀ ਭੂਮਿਕਾ ਵਧਣੀ ਚਾਹੀਦੀ ਹੈ। ਗਲੋਬਲ ਚੁਣੌਤੀਆਂ ਅਤੇ ਤਕਨਾਲੋਜੀ ’ਚ ਲਗਾਤਾਰ ਬਦਲਾਅ ਕਾਰਨ ਆਈ ਟੀ ਸੈਕਟਰ ’ਚ ਨੌਕਰੀਆਂ ਘਟ ਰਹੀਆਂ ਹਨ। ਸਰਵੇਖਣ ’ਚ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਕਰਮਚਾਰੀਆਂ ਦੀ ਗਿਣਤੀ ਵਧਾਉਣ ਦਾ ਜ਼ਿਕਰ ਕੀਤਾ ਗਿਆ ਹੈ। 2030 ਤੱਕ ਗੈਰ-ਖੇਤੀ ਖੇਤਰ ’ਚ ਹਰ ਸਾਲ ਲੱਗਭੱਗ 78.5 ਲੱਖ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ। ਵਿੱਤ ਮੰਤਰੀ ਅਨੁਸਾਰ ਖੇਤੀ ਖੇਤਰ ’ਤੇ ਧਿਆਨ ਕੇਂਦਰਤ ਕਰਕੇ ਦੇਸ਼ ਦੀ ਵਿਕਾਸ ਦਰ ਨੂੰ ਹੋਰ ਵਧਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here