ਅੰਬਾਲਾ : ਨਰਾਇਣਗੜ੍ਹ ਦੇ ਪਿੰਡ ਪੀਰ ਮਾਜਰੀ ਰਤੌੜ ’ਚ ਐਤਵਾਰ ਰਾਤ ਸਾਬਕਾ ਫੌਜੀ ਭੂਸ਼ਣ ਨੇ ਜ਼ਮੀਨੀ ਝਗੜੇ ਵਿਚ ਆਪਣੀ ਮਾਂ, ਭਰਾ, ਭਰਜਾਈ, ਛੇ ਮਹੀਨੇ ਦੇ ਭਤੀਜੇ ਤੇ ਪੰਜ ਸਾਲ ਦੀ ਭਤੀਜੀ ਦੀ ਹੱਤਿਆ ਕਰ ਦਿੱਤੀ। ਇਕ ਹੋਰ ਭਤੀਜੀ ਨੂੰ ਵੀ ਜ਼ਖਮੀ ਕਰ ਦਿੱਤਾ, ਜਿਸ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰਨਾ ਪਿਆ ਹੈ। ਉਸ ਤੋਂ ਬਾਅਦ ਲਾਸ਼ਾਂ ਨੂੰ ਸਾੜਨ ਦਾ ਯਤਨ ਕੀਤਾ, ਜਿਸ ਦਾ ਪਿਓ ਓਮ ਪ੍ਰਕਾਸ਼ ਨੇ ਵਿਰੋਧ ਕੀਤਾ ਤਾਂ ਉਸਨੂੰ ਵੀ ਜ਼ਖਮੀ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਅੱਧਜਲੀਆਂ ਲਾਸ਼ਾਂ ਨੂੰ ਅੰਬਾਲਾ ਕੈਂਟ ਹਸਪਤਾਲ ਪਹੁੰਚਾਇਆ। ਮਿ੍ਰਤਕਾਂ ਦੀ ਪਛਾਣ 35 ਸਾਲਾ ਹਰੀਸ਼, ਉਸ ਦੀ ਪਤਨੀ 32 ਸਾਲਾ ਸੋਨੀਆ, 65 ਸਾਲਾ ਸੁਰਤੀ ਦੇਵੀ, ਪੰਜ ਸਾਲਾ ਯਸ਼ਿਕਾ ਤੇ 6 ਮਹੀਨੇ ਦੇ ਮਯੰਕ ਵਜੋਂ ਹੋਈ ਹੈ। ਦੋਹਾਂ ਭਰਾਵਾਂ ਦੀ ਦੋ ਏਕੜ ਜ਼ਮੀਨ ਸੀ ਤੇ ਇਸ ਵਿੱਚੋਂ ਰਾਹ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।


