ਉਮਰ ਖਾਲਿਦ ਦੀ ਪਟੀਸ਼ਨ ’ਤੇ ਦਿੱਲੀ ਪੁਲਸ ਨੂੰ ਨੋਟਿਸ

0
135

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਇੱਥੇ ਫਰਵਰੀ 2020 ਦੇ ਦੰਗਿਆਂ ਪਿੱਛੇ ਕਥਿਤ ਵੱਡੀ ਸਾਜ਼ਿਸ਼ ਨਾਲ ਸਬੰਧਤ ਯੂ ਏ ਪੀ ਏ ਕੇਸ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ’ਤੇ ਸਿਟੀ ਪੁਲਸ ਦਾ ਪੱਖ ਮੰਗਿਆ ਹੈ। ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਗਿਰੀਸ਼ ਕਠਪਾਲੀਆ ਦੀ ਬੈਂਚ ਨੇ ਜ਼ਮਾਨਤ ਪਟੀਸ਼ਨ ’ਤੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਅਤੇ ਜਵਾਬ ਦਾਖਲ ਕਰਨ ਲਈ ਕਿਹਾ ਹੈ। ਅਦਾਲਤ ਨੇ 29 ਅਗਸਤ ਨੂੰ ਸੁਣਵਾਈ ਲਈ ਖਾਲਿਦ ਦੀ ਜ਼ਮਾਨਤ ਪਟੀਸ਼ਨ ਦੇ ਨਾਲ-ਨਾਲ ਵਿਦਿਆਰਥੀ ਕਾਰਕੁੰਨ ਸ਼ਰਜੀਲ ਇਮਾਮ ਸਮੇਤ ਮਾਮਲੇ ਦੇ ਹੋਰ ਸਹਿ-ਮੁਲਜ਼ਮਾਂ ਦੀਆਂ ਜ਼ਮਾਨਤ ਪਟੀਸ਼ਨਾਂ ਨੂੰ ਸੂਚੀਬੱਧ ਕੀਤਾ।
ਅੱਤਵਾਦੀ ਹਲਾਕ, ਸਿਪਾਹੀ ਸ਼ਹੀਦ
ਸ੍ਰੀਨਗਰ : ਕੁਪਵਾੜਾ ਜ਼ਿਲ੍ਹੇ ’ਚ ਮੰਗਲਵਾਰ ਰਾਤ ਭਰ ਚੱਲੇ ਮੁਕਾਬਲੇ ’ਚ ਇੱਕ ਅੱਤਵਾਦੀ ਅਤੇ ਇੱਕ ਸਿਪਾਹੀ ਦੀ ਮੌਤ ਹੋ ਗਈ। ਫੌਜ ਅਤੇ ਪੁਲਸ ਨੇ ਕੁਝ ਦਿਨ ਪਹਿਲਾਂ ਕੁਪਵਾੜਾ ਦੇ ਲੋਲਾਬ ਖੇਤਰ ’ਚ ਸੰਭਾਵਤ ਅੱਤਵਾਦੀ ਗਤੀਵਿਧੀਆਂ ਦੀ ਸੂਚਨਾ ਤੋਂ ਬਾਅਦ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਹੋਈ ਸੀ। ਇਸ ਦੌਰਾਨ ਹੋਏ ਮੁਕਾਬਲੇ ’ਚ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ ਅਤੇ ਇੱਕ ਸਿਪਾਹੀ ਜ਼ਖਮੀ ਹੋ ਗਿਆ। ਸਿਪਾਹੀ ਨੇ ਬਾਅਦ ਵਿਚ ਦਮ ਤੋੜ ਦਿੱਤਾ।
ਜੇਲ੍ਹ ਜਾਂ ਜਹੰਨਮ
ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀ ਜਾਂ ਤਾਂ ਜੇਲ੍ਹ ਵਿਚ ਜਾਣਗੇ ਜਾਂ ਫਿਰ ‘ਜਹੰਨਮ’ (ਨਰਕ) ਵਿਚ ਭੇਜੇ ਜਾਣਗੇ। ਇਹ ਗੱਲ ਗ੍ਰਹਿ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਰਾਜ ਸਭਾ ’ਚ ਜ਼ੋਰ ਦੇ ਕੇ ਕਹੀ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਅੱਤਵਾਦ ਲਈ ਜ਼ੀਰੋ ਟੋਲਰੈਂਸ ਨੀਤੀ ’ਤੇ ਕੰਮ ਕਰ ਰਹੀ ਹੈ। ਰਾਏ ਕਾਂਗਰਸ ਸਾਂਸਦ ਪ੍ਰਮੋਦ ਤਿਵਾਰੀ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਮੰਤਰੀ ਅਨੁਸਾਰ ਸੁਰੱਖਿਆ ਬਲਾਂ ਨੇ 2019 ’ਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਖੇਤਰ ’ਚ ਲੱਗਭੱਗ 900 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਦਾਦੀ ਤੇ ਦੋ ਪੋਤੀਆਂ ਦੀ ਮੌਤ
ਅਹਿਮਦਾਬਾਦ : ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਜਾਮ ਖੰਭਾਲੀਆ ਕਸਬੇ ’ਚ ਭਾਰੀ ਬਾਰਿਸ ਦੌਰਾਨ ਤਿੰਨ ਮੰਜ਼ਲਾ ਇਮਾਰਤ ਡਿਗਣ ਕਾਰਨ ਬਜ਼ੁਰਗ ਔਰਤ ਅਤੇ ਉਸ ਦੀਆਂ ਦੋ ਪੋਤੀਆਂ ਦੀ ਮੌਤ ਹੋ ਗਈ। ਗਗਵਾਨੀ ਫਲੀ ਇਲਾਕੇ ਵਿਚ ਕਰੀਬ ਛੇ ਘੰਟੇ ਚੱਲੇ ਰਾਹਤ ਕਾਰਜਾਂ ਤੋਂ ਬਾਅਦ ਪੰਜ ਵਿਅਕਤੀਆਂ ਨੂੰ ਬਚਾਇਆ ਗਿਆ, ਜਦਕਿ ਤਿੰਨ ਦੀ ਮੌਤ ਹੋਈ ਹੈ।
ਸ਼ੇਅਰ ਬਾਜ਼ਾਰ ’ਚ ਗਿਰਾਵਟ ਜਾਰੀ
ਮੁੰਬਈ : ਆਮ ਬਜਟ ਦੇ ਦੂਜੇ ਦਿਨ ਬੁੱਧਵਾਰ ਵੀ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 233.7 ਅੰਕ ਦੀ ਗਿਰਾਵਟ ਨਾਲ 80,195.34 ’ਤੇ ਬੰਦ ਹੋਇਆ। ਨਿਫਟੀ 73.45 ਅੰਕ ਡਿੱਗ ਕੇ 24,405.60 ’ਤੇ ਬੰਦ ਹੋਇਆ।
ਬਿ੍ਰਟਿਸ਼ ਵਿਦੇਸ਼ ਮੰਤਰੀ ਭਾਰਤ ’ਚ
ਨਵੀਂ ਦਿੱਲੀ : ਬਿ੍ਰਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਬੁੱਧਵਾਰ ਦੋ ਦਿਨਾ ਦੌਰੇ ’ਤੇ ਨਵੀਂ ਦਿੱਲੀ ਪੁੱਜੇ। ਲੈਮੀ ਨੇ ਕਿਹਾਭਾਰਤ 21ਵੀਂ ਸਦੀ ਦੀ ਉੱਭਰਦੀ ਮਹਾਂਸ਼ਕਤੀ ਹੈ, 1.4 ਅਰਬ ਲੋਕਾਂ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥ ਵਿਵਸਥਾਵਾਂ ਵਿੱਚੋਂ ਇੱਕ ਹੈ। ਸਾਡੀ ਮੁਕਤ ਵਪਾਰ ਸਮਝੌਤੇ ਸੰਬੰਧੀ ਗੱਲਬਾਤ ਦੀ ਕੋਈ ਹੱਦ ਨਹੀਂ। ਇਸ ਦੇ ਨਾਲ ਹੀ ਸਾਂਝੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਅਤੇ ਬੈਂਗਲੁੁਰੂ ਤੋਂ ਬਰਮਿੰਘਮ ਤੱਕ ਵਿਕਾਸ ਪ੍ਰਦਾਨ ਕਰਨ ਦੀਆਂ ਸਾਡੀਆਂ ਇੱਛਾਵਾਂ ਦੀ ਵੀ ਕੋਈ ਸੀਮਾ ਨਹੀਂ।

LEAVE A REPLY

Please enter your comment!
Please enter your name here