ਸ੍ਰੀਨਗਰ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਪੁਲਸ ਨੇ 3 ਅੱਤਵਾਦੀਆਂ ਦੇ ਸਕੈੱਚ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਡੋਡਾ ਦੇ ਉਪਰੀ ਇਲਾਕਿਆਂ ’ਚ ਮੌਜੂਦ ਹਨ। ਹਾਲ ਹੀ ’ਚ ਦੇਸਾ ਡੋਡਾ ਦੇ ਉਰਾਰ ਬਾਗੀ ਇਲਾਕੇ ’ਚ ਹੋਈ ਅੱਤਵਾਦੀ ਘਟਨਾ ’ਚ ਉਹ ਸ਼ਾਮਲ ਸਨ। ਜੰਮੂ-ਕਸ਼ਮੀਰ ਪੁਲਸ ਨੇ ਹਰੇਕ ਅੱਤਵਾਦੀ ਦੀ ਸੂਚਨਾ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਬੀਤੀ 16 ਜੁਲਾਈ ਨੂੰ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ’ਚ ਇੱਕ ਕੈਪਟਨ ਅਤੇ ਤਿੰਨ ਹੋਰ ਫੌਜੀ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਦੇ ਇੱਕ ਸ਼ੈਡੋ ਗਰੁੱਪ ‘ਕਸ਼ਮੀਰ ਟਾਈਗਰ’ ਨੇ ਲਈ ਸੀ। ਇਹ ਘਟਨਾ ਡੋਡਾ ਉਰਾਰੀ ਬਾਗੀ ਇਲਾਕੇ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਦੌਰਾਨ ਹੋਈ ਸੀ।