ਨਵੀਂ ਦਿੱਲੀ : ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਦੁਨੀਆ ਦੀ ਦੂਜੀ ਅਰਥ ਵਿਵਸਥਾ ਤੋਂ ਜ਼ਿਆਦਾ ਮਜ਼ਬੂਤ ਹੈ, ਪਰ ਰੁਜ਼ਗਾਰ ਦੇ ਮੌਕੇ ਨਾ ਪੈਦਾ ਕਰਨ ਕਾਰਨ ਅਗਲੇ ਦਸ ਸਾਲਾਂ ‘ਚ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ | ਜਿਸ ਦਰ ਨਾਲ ਮਹਿੰਗਾਈ ਵਧ ਰਹੀ ਹੈ, ਉਸ ਨਾਲ ਸੰਕਟ ਡੂੰਘਾ ਹੋ ਸਕਦਾ ਹੈ | ਉਨ੍ਹਾ ਕਿਹਾ, ‘ਅਸੀਂ ਅਰਾਮ ਨਹੀਂ ਕਰ ਸਕਦੇ, ਸਾਨੂੰ ਹੋਰ ਕਰਨ ਦੀ ਜ਼ਰੂਰਤ ਹੈ | ਸਾਨੂੰ ਆਪਣੇ ਆਪ ‘ਚ ਕੁਝ ਹੋਰ ਸੁਧਾਰ ਕਰਨਾ ਹੋਵੇਗਾ | ਮੋਦੀ ਸਰਕਾਰ ਉਨ੍ਹਾਂ ਨੂੰ ਹੀ ਸਹੀ ਮੰਨਦੀ ਹੈ, ਜੋ ਉਨ੍ਹਾਂ ਦੀ ਵਾਹ-ਵਾਹ ਕਰਦੇ ਹਨ, ਬਾਕੀ ਸਾਰੇ ਗਲਤ ਹਨ |’
ਇੱਕ ਟੀ ਵੀ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾ ਕਿਹਾ ਕਿ ਵਿਸ਼ਵ ਅਰਥ ਵਿਵਸਥਾ ਸੰਕਟ ‘ਚੋਂ ਲੰਘ ਰਹੀ ਹੈ | ਕੋਵਿਡ ਕਾਰਨ ਵਿਸ਼ਵ ਅਰਥ ਵਿਵਸਥਾ ਕਾਫ਼ੀ ਪ੍ਰਭਾਵਤ ਹੋਈ ਹੈ | ਅਸੀਂ ਇੱਕ ਗਰੀਬ ਦੇਸ਼ ‘ਚ ਰਹਿ ਰਹੇ ਹਾਂ | ਪਿਛਲੇ ਕੁਝ ਸਾਲਾਂ ‘ਚ ਜਿਸ ਤਰ੍ਹਾਂ ਨੌਕਰੀਆਂ ਦੀ ਜ਼ਰੂਰਤ ਹੈ, ਉਸ ਲਈ ਵਿਕਾਸ ਪ੍ਰਾਪਤ ਨਹੀਂ ਹੈ | ਸਾਬਕਾ ਗਵਰਨਰ ਨੇ ਕਿਹਾ ਕਿ ਸਾਨੂੰ ਲੋਕਾਂ ਦੇ ਸਕਿੱਲ ਵਧਾਉਣੇ ਅਤੇ ਸਿੱਖਿਆ ਦੇ ਖੇਤਰ ‘ਚ ਹੋਰ ਤੇਜ਼ੀ ਲਿਆਉਣੀ ਹੋਵੇਗੀ | ਅਗਲੇ 10 ਸਾਲਾਂ ‘ਚ ਜੋ ਨੌਜਵਾਨ ਗਰੈਜੂਏਸ਼ਨ ਕਰਕੇ ਨਿਕਲਣਗੇ, ਉਨ੍ਹਾਂ ਨੂੰ ਸਕਿੱਲ ਬੇਸ ਸਿੱਖਿਆ ਦੇਣੀ ਹੋਵੇਗੀ, ਤਾਂ ਹੀ ਨੌਕਰੀਆਂ ਵਧ ਸਕਦੀਆਂ ਹਨ |
ਰਾਜਨ ਨੇ ਕਿਹਾ ਕਿ ਲੋਕਤੰਤਰ ‘ਚ ਸੰਵਾਦ ਬਹੁਤ ਜ਼ਰੂਰੀ ਹੈ | ਪਿਛਲੇ ਕੁਝ ਸਾਲਾਂ ‘ਚ ਸਰਕਾਰ ਨੇ ਵਿਆਪਕ ਸਲਾਹ ਦੇ ਬਿਨਾਂ ਕਈ ਫੈਸਲੇ ਲਏ, ਜਿਸ ਤਰ੍ਹਾਂ ਡੀਮੋਨੇਟਾਈਜੇਸ਼ਨ, ਤਿੰਨ ਖੇਤੀ ਕਾਨੂੰਨ ਆਦਿ, ਜਿਸ ਨਾਲ ਲੋਕਾਂ ‘ਚ ਗੁੱਸਾ ਵਧਿਆ ਅਤੇ ਵਿਰੋਧ ਪੈਦਾ ਹੋਇਆ | ਉਨ੍ਹਾ ਕਿਹਾ ਕਿ ਲੋਕਤੰਤਰ ‘ਚ ਇਹ ਉਦੋਂ ਕੰਮ ਕਰਦਾ ਹੈ, ਜਦ ਤੁਸੀਂ ਸੰਵਾਦ ਕਰਦੇ ਹੋ | ਸੰਵਾਦ ਇੱਕ ਅੰਤਹੀਨ ਸਿਲਸਿਲਾ ਹੈ, ਜੋ ਚਲਦਾ ਰਹਿਣਾ ਚਾਹੀਦਾ |
ਮਹਿੰਗਾਈ ਪਿਛਲੇ ਮਹੀਨਿਆਂ ‘ਚ ਪ੍ਰਮੁੱਖ ਮੁੱਦਿਆਂ ‘ਚ ਰਹੀ ਹੈ ਅਤੇ ਪਿਛਲੇ ਦੋ ਦਿਨਾਂ ‘ਚ ਸੰਸਦ ‘ਚ ਬਹਿਸ ਵਿੱਚ ਸਰਕਾਰ ਨੇ ਐਲਾਨ ਕੀਤਾ ਕਿ ਇਹ ਕੋਵਿਡ ਅਤੇ ਯੂਕਰੇਨ-ਰੂਸ ਯੁੱਧ ਵਰਗੇ ਬਾਹਰੀ ਕਾਰਕਾਂ ਕਾਰਨ ਹੈ, ਪਰ ਇਸ ਤਰ੍ਹਾਂ ਹੈ ਨਹੀਂ |





