ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਆਗੂ ਅਨੁਰਾਗ ਠਾਕੁਰ ਦੀਆਂ ਲੋਕ ਸਭਾ ’ਚ ਕੀਤੀਆਂ ਟਿੱਪਣੀਆਂ ਦੇ ਕੁਝ ਹਿੱਸੇ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮਰਿਆਦਾ ਮਤਾ ਲਿਆਉਣ ਲਈ ਬੁੱਧਵਾਰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਨੋਟਿਸ ਸੌਂਪਿਆ। ਮੋਦੀ ਨੇ ‘ਐੱਕਸ’ ’ਤੇ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਕਥਿਤ ਤੌਰ ’ਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਕੀਤੀਆਂ ਟਿੱਪਣੀਆਂ ਦੇ ਕੁਝ ਹਿੱਸੇ ਸਨ। ਇਨ੍ਹਾਂ ਟਿੱਪਣੀਆਂ ਨੂੰ ਸਦਨ ਦੀ ਕਾਰਵਾਈ ’ਚੋਂ ਹਟਾ ਦਿੱਤਾ ਗਿਆ ਸੀ। ਠਾਕੁਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਜਾਤ ਬਾਰੇ ਕੀਤੀ ਟਿੱਪਣੀ ਮਗਰੋਂ ਸਦਨ ’ਚ ਹੰਗਾਮਾ ਖੜ੍ਹਾ ਹੋ ਗਿਆ ਹੈ। ਕਾਂਗਰਸ ਦੇ ਦਲਿਤ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਨਿਯਮ 222 ਤਹਿਤ ਮਰਿਆਦਾ ਮਤਾ ਦੇ ਕੇ ਸਪੀਕਰ ਓਮ ਬਿਰਲਾ ਨੂੰ ਪ੍ਰਧਾਨ ਮੰਤਰੀ ਮੋਦੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।