ਸੱਸ-ਸਹੁਰੇ ਦੀਆਂ ਲਾਸ਼ਾਂ ਮਿਲ ਗਈਆਂ; ਪੁੱਤ, ਭੈਣ-ਜੀਜਾ ਤੇ ਉਨ੍ਹਾਂ ਦੇ ਦੋ ਬੱਚੇ ਅਜੇ ਵੀ ਲਾਪਤਾ

0
190

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲਿ੍ਹਆਂ ਵਿਚ ਬੱਦਲ ਫਟਣ ਕਾਰਨ ਆਏ ਹੜ੍ਹ ਦੌਰਾਨ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ | ਇਸ ਦੌਰਾਨ ਲਾਪਤਾ ਹੋਏ 45 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ |
ਇਕ ਮਹਿਲਾ ਨੇ ਦੱਸਿਆ—ਮੇਰੇ ਸਹੁਰੇ ਅਤੇ ਸੱਸ ਦੀਆਂ ਲਾਸ਼ਾਂ ਮਿਲ ਗਈਆਂ ਹਨ, ਪਰ ਮੇਰਾ ਪੁੱਤ, ਜੀਜਾ, ਉਸਦੀ ਪਤਨੀ, ਉਨ੍ਹਾਂ ਦਾ ਛੇ ਸਾਲ ਦਾ ਬੱਚਾ ਅਤੇ ਦੋ ਮਹੀਨਿਆਂ ਦੀ ਧੀ ਹਾਲੇ ਵੀ ਲਾਪਤਾ ਹਨ | ਕੁੱਲੂ ਦੇ ਡਿਪਟੀ ਕਮਿਸ਼ਨਰ ਟੀ ਐੱਸ ਰਵੀਸ਼ ਨੇ ਦੱਸਿਆ ਕਿ ਮਨੀਕਰਨ ਖੇਤਰ ‘ਚ ਮਲਾਨਾ-2 ਪਾਵਰ ਪ੍ਰੋਜੈਕਟ ਦੀ ਥਾਂ ‘ਤੇ ਫਸੇ 33 ਲੋਕਾਂ ਨੂੰ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਦੀ ਸਵੇਰ ਬਚਾਅ ਲਿਆ ਗਿਆ |
ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਬੱਦਲ ਫਟਣ ਨਾਲ ਸੂਬੇ ‘ਚ 20 ਤੋਂ ਵੱਧ ਘਰ, ਛੇ ਦੁਕਾਨਾਂ, ਚਾਰ ਮੁੱਖ ਪੁਲ ਅਤੇ ਦੋ ਪੈਦਲ ਚੱਲਣ ਵਾਲੇ ਪੁਲ ਹੜ੍ਹ ਦੇ ਪਾਣੀ ਵਿਚ ਵਹਿ ਗਏ ਹਨ | ਸੂਬਾ ਆਫਤ ਪ੍ਰਬੰਧਨ ਕੇਂਦਰ ਦੇ ਅਨੁਸਾਰ 27 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਮੀਂਹ ਨਾਲ ਸੰਬੰਧਤ ਘਟਨਾਵਾਂ ‘ਚ 73 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਰਾਜ ਨੂੰ 649 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਵੀ ਹੋਇਆ ਹੈ |
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਖੇਤਰ ਦੇ ਬੱਦਲ ਫਟਣ ਨਾਲ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ ਤੇ ਪ੍ਰਭਾਵਤ ਲੋਕਾਂ ਨਾਲ ਗੱਲਬਾਤ ਵੀ ਕੀਤੀ |
ਉੱਤਰਾਖੰਡ ਵਿਚ ਭਾਰੀ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਕੇਦਾਰਨਾਥ ਨੂੰ ਜਾਂਦੇ ਟਰੈਕ ਰੂਟ ‘ਤੇ ਫਸੇ 500 ਤੋਂ ਵੱਧ ਸ਼ਰਧਾਲੂਆਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਹਵਾਈ ਸੈਨਾ ਦੇ ਚਿਨੂਕ ਤੇ ਐੱਮ ਆਈ17 ਹੈਲੀਕਾਪਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ | ਪਹਿਲੇ ਗੇੜ ਵਿਚ 10 ਸ਼ਰਧਾਲੂਆਂ ਨੂੰ ਏਅਰਲਿਫਟ ਕੀਤਾ ਗਿਆ ਹੈ | ਬੁੱਧਵਾਰ ਰਾਤ ਨੂੰ ਲਿਨਚੋਲੀ ਨੇੜੇ ਜੰਗਲਚਾਟੀ ਵਿਚ ਬੱਦਲ ਫਟਣ ਨਾਲ ਕੇਦਾਰਨਾਥ ਨੂੰ ਜਾਂਦੇ ਰੂਟ ਨੂੰ ਵੱਡਾ ਨੁਕਸਾਨ ਪੁੱਜਾ ਸੀ | ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਐੱਮਆਈ17 ਹੈਲੀਕਾਪਟਰ ਨੇ 10 ਸ਼ਰਧਾਲੂਆਂ ਨੂੰ ਏਅਰਲਿਫਟ ਕਰਕੇ ਗੌਚਰ ਹਵਾਈ ਪੱਟੀ ਉੱਤੇ ਉਤਾਰਿਆ ਗਿਆ | ਜ਼ਿਲ੍ਹਾ ਪ੍ਰਸ਼ਾਸਨ ਨੇ ਟਰੈਕ ਰੂਟ ‘ਤੇ ਫਸੇ ਸ਼ਰਧਾਲੂਆਂ ਬਾਰੇ ਜਾਣਕਾਰੀ ਲਈ ਦੋ ਹੈਲਪਲਾਈਨ ਨੰਬਰ 7579257572 01364-233387 ਤੇ ਇਕ ਐਮਰਜੈਂਸੀ ਨੰਬਰ 112 ਜਾਰੀ ਕੀਤੇ ਹਨ | ਬੁੱਧਵਾਰ ਰਾਤ ਨੂੰ ਮੰਦਾਕਿਨੀ ਨਦੀ ਵਿਚ ਪਾਣੀ ਦਾ ਪੱਧਰ ਵਧਣ ਨਾਲ ਸੜਕ ਦਾ 20-25 ਮੀਟਰ ਹਿੱਸਾ ਰੁੜ੍ਹਨ ਨਾਲ ਗੌਰੀਕੁੰਡ-ਕੇਦਾਰਨਾਥ ਟਰੈਕ ਰੂਟ ਉੱਤੇ ਭੀਮਬਾਲੀ ਤੋਂ ਅੱਗੇ ਸ਼ਰਧਾਲੂ ਫਸ ਗਏ ਸਨ | ਅਧਿਕਾਰੀਆਂ ਨੇ ਕਿਹਾ ਕਿ ਟਰੈਕ ਰੂਟ ‘ਤੇ ਫਸੇ ਸ਼ਰਧਾਲੂ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ 5000 ਫੂਡ ਪੈਕੇਟ ਵੰਡੇ ਗਏ ਹਨ | ਹਾਲ ਦੀ ਘੜੀ ਲਈ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ ਹੈ | ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿੱਥੇ ਵੀ ਹਨ ਉਥੇ ਸੁਰੱਖਿਅਤ ਰਹਿਣ ਤੇ ਰਸਤਾ ਸਾਫ ਹੋਣ ਤੱਕ ਉਡੀਕ ਕਰਨ |

LEAVE A REPLY

Please enter your comment!
Please enter your name here