ਨਵੀਂ ਦਿੱਲੀ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਉਨ੍ਹਾ ਵੱਲੋਂ ਸੰਸਦ ਵਿਚ ਦਿੱਤੀ ‘ਚੱਕਰਵਿਊ’ ਤਕਰੀਰ ਮਗਰੋਂ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਉਨ੍ਹਾ ਖਿਲਾਫ ਛਾਪਾ ਮਾਰਨ ਦੀ ਤਿਆਰੀ ਕਰ ਰਹੀ ਹੈ | ਉਨ੍ਹਾ ਕਿਹਾ ਕਿ ਉਹ ‘ਖੁੱਲ੍ਹੀਆਂ ਬਾਹਾਂ ਨਾਲ ਉਡੀਕ’ ਕਰ ਰਹੇ ਹਨ | ਰਾਹੁਲ ਨੇ ਤੜਕੇ ਐਕਸ ‘ਤੇ ਇਕ ਪੋਸਟ ਵਿਚ ਕਿਹਾ—ਸ਼ਾਇਦ, ਦੋ ਵਿੱਚੋਂ ਇਕ ਨੂੰ ਮੇਰੀ ਚੱਕਰਵਿਊ ਤਕਰੀਰ ਚੰਗੀ ਨਹੀਂ ਲੱਗੀ | ਈ ਡੀ ਵਿਚਲੇ ‘ਸੂਤਰਾਂ’ ਨੇ ਮੈਨੂੰ ਦੱਸਿਆ ਹੈ ਕਿ ਛਾਪੇ ਦੀ ਤਿਆਰੀ ਕੀਤੀ ਜਾ ਰਹੀ ਹੈ |
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ—ਖੁੱਲ੍ਹੀਆਂ ਬਾਹਾਂ ਨਾਲ ਈ ਡੀ ਦੀ ਉਡੀਕ ਕਰ ਰਿਹਾ ਹਾਂ | ਚਾਹ ਤੇ ਬਿਸਕੁਟ ਮੇਰੇ ਵੱਲੋਂ | ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਨੇ ਸੋਮਵਾਰ ਲੋਕ ਸਭਾ ਵਿਚ ਕੇਂਦਰੀ ਬਜਟ ‘ਤੇ ਚੱਲ ਰਹੀ ਬਹਿਸ ਦੌਰਾਨ ਕਿਹਾ ਸੀ ਕਿ ਡਰ ਦਾ ਮਾਹੌਲ ਬਣਾ ਕੇ ਛੇ ਜਣਿਆਂ ਦੇ ਧੜੇ ਨੇ ਅਭਿਮੰਨਿਊ ਵਾਂਗ ਪੂਰੇ ਹਿੰਦੂਸਤਾਨ ਨੂੰ ‘ਚੱਕਰਵਿਊ’ ਵਿਚ ਫਸਾਇਆ ਹੋਇਆ ਹੈ ਤੇ ਇੰਡੀਆ ਗੱਠਜੋੜ ਇਸ ‘ਚੱਕਰਵਿਊ’ ਨੂੰ ਤੋੜ ਦੇਵੇਗਾ | ਰਾਹੁਲ ਨੇ ਜਿਨ੍ਹਾਂ ਛੇ ਜਣਿਆਂ ਦਾ ਨਾਂ ਲਿਆ ਸੀ ਉਹ ਹਨ—ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ, ਅਜੀਤ ਡੋਭਾਲ, ਅਡਾਨੀ ਤੇ ਅੰਬਾਨੀ | ਰਾਹੁਲ ਨੇ ਕਿਹਾ ਸੀ ਕਿ ਹਜ਼ਾਰਾਂ ਸਾਲ ਪਹਿਲਾਂ ਕੁਰੁਕਸ਼ੇਤਰ ਵਿਚ ਅਭਿਮੰਨਿਊ ਨੂੰ ਚੱਕਰਵਿਊ ਵਿਚ ਫਸਾ ਕੇ ਛੇ ਜਣਿਆਂ ਨੇ ਮਾਰਿਆ ਸੀ | ਚੱਕਰਵਿਊ ਦਾ ਦੂਜਾ ਨਾਂ ਹੈ ਪਦਮਵਿਊ, ਜਿਹੜਾ ਕਮਲ ਦੇ ਫੁੱਲ ਵਰਗਾ ਹੁੰਦਾ ਹੈ | ਇਸਦੇ ਅੰਦਰ ਡਰ ਤੇ ਹਿੰਸਾ ਹੁੰਦੀ ਹੈ | ਉਨ੍ਹਾ ਕਿਹਾ ਕਿ ਇੱਕੀਵੀਂ ਸਦੀ ਵਿਚ ਨਵਾਂ ਚੱਕਰਵਿਊ ਰਚਿਆ ਗਿਆ ਹੈ, ਉਹ ਵੀ ਕਮਲ ਦੇ ਫੁੱਲ ਦੇ ਰੂਪ ਵਿਚ ਤਿਆਰ ਹੋਇਆ ਹੈ | ਇਸਦਾ ਚਿੰਨ੍ਹ ਪ੍ਰਧਾਨ ਮੰਤਰੀ ਆਪਣੇ ਸੀਨੇ ਨਾਲ ਲਾ ਕੇ ਚਲਦੇ ਹਨ | ਅਭਿਮੰਨਿਊ ਦੇ ਨਾਲ ਜੋ ਹੋਇਆ, ਉਹ ਭਾਰਤ ਨਾਲ ਕੀਤਾ ਜਾ ਰਿਹਾ ਹੈ | ਦੇਸ਼ ਦੇ ਕਿਸਾਨ, ਮਜ਼ਦੂਰ ਤੇ ਨੌਜਵਾਨ ਡਰੇ ਹੋਏ ਹਨ | ਇਸੇ ਦੌਰਾਨ ਕਾਂਗਰਸੀ ਸਾਂਸਦ ਮਨੀਕਮ ਟੈਗੋਰ ਨੇ ਭਾਜਪਾ ਸਰਕਾਰ ਵੱਲੋਂ ਸਿਆਸੀ ਤੌਰ ‘ਤੇ ਪ੍ਰੇਸ਼ਾਨ ਕਰਨ ਲਈ ਈ ਡੀ, ਸੀ ਬੀ ਆਈ ਤੇ ਇਨਕਮ ਟੈਕਸ ਡਿਪਾਰਟਮੈਂਟ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ ਹੈ | ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਸੰਜੇ ਰਾਊਤ ਨੇ ਕਿਹਾ ਹੈ ਕਿ ਉਨ੍ਹਾਂ ਸਾਰੇ ਲੋਕਾਂ ਖਿਲਾਫ ਸਾਜ਼ਿਸ਼ ਹੋ ਰਹੀ ਹੈ, ਜਿਹੜੇ ਲੋਕਤੰਤਰ ਨੂੰ ਬਚਾਉਣ ਲਈ ਆਵਾਜ਼ ਉਠਾ ਰਹੇ ਹਨ | ਕੁਝ ਵੀ ਹੋ ਸਕਦਾ ਹੈ, ਸਭ ‘ਤੇ ਹਮਲਾ ਹੋ ਸਕਦਾ ਹੈ, ਰਾਹੁਲ ‘ਤੇ ਹਮਲਾ ਹੋ ਸਕਦਾ ਹੈ, ਕਿਉਂਕਿ ਅਪੋਜ਼ੀਸ਼ਨ ਨੇ ਰਾਹੁਲ ਦੀ ਅਗਵਾਈ ਵਿਚ ਜਿਸ ਤਰ੍ਹਾਂ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ, ਉਸ ਨਾਲ ਸਰਕਾਰ ਦੀ ਨੀਂਦ ਉਡ ਗਈ ਹੈ | ਸ਼ਿਵ ਸੈਨਾ (ਯੂ ਬੀ ਟੀ) ਦੀ ਆਗੂ ਪਿ੍ਅੰਕਾ ਚਤੁਰਵੇਦੀ ਨੇ ਕਿਹਾ ਹੈ ਕਿ ਜਦੋਂ ਸਰਕਾਰ ਡਰਦੀ ਹੈ, ਈ ਡੀ ਤੇ ਸੀ ਬੀ ਆਈ ਨੂੰ ਅੱਗੇ ਕਰ ਦਿੰਦੀ ਹੈ | ਮਹੂਆ ਮੋਇਤਰਾ, ਸੰਜੇ ਰਾਊਤ, ਸੰਜੇ ਸਿੰਘ ਤੇ ਅਰਵਿੰਦ ਕੇਜਰੀਵਾਲ ਨਾਲ ਵੀ ਅਜਿਹਾ ਕੀਤਾ ਗਿਆ | ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਬਦਕਿਸਮਤੀ ਹੈ ਕਿ ਰਾਹੁਲ ਲੋਕ ਸਭਾ ਵਿਚ ਅਪੋਜ਼ੀਸ਼ਨ ਦੇ ਆਗੂ ਬਣ ਗਏ ਹਨ | ਉਹ ਦੁਨੀਆ ਤੋਂ ਜਾਤੀ ਪੁੱਛ ਰਹੇ ਹਨ ਤੇ ਆਪਣੀ ਜਾਤੀ ਦੱਸਣ ਤੋਂ ਭੱਜ ਰਹੇ ਹਨ |