ਤਹਿਰਾਨ : ਈਰਾਨ ਨੇ ਸ਼ਨੀਵਾਰ ਕਿਹਾ ਕਿ ਹਮਾਸ ਦੇ ਪੁਲੀਟੀਕਲ ਚੀਫ ਇਸਮਾਈਲ ਹਨੀਯੇਹ ਨੂੰ ਤਹਿਰਾਨ ਵਿਚ ਉਸ ਦੀ ਠਹਿਰਨ ਵਾਲੀ ਥਾਂ ’ਤੇ ਬਾਹਰੋਂ ‘ਸ਼ਾਰਟ ਰੇਂਜ ਪ੍ਰੋਜੈਕਟਾਈਲ’ ਦੀ ਵਰਤੋਂ ਕਰਕੇ ਮਾਰਿਆ ਗਿਆ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਕਿਹਾ ਕਿ ਇਹ ਕਾਰਾ ਇਜ਼ਰਾਈਲ ਨੇ ਕੀਤਾ ਹੈ। ਉਸ ਨੇ ਇਸ ਵਿਚ ਅਮਰੀਕਾ ਨੂੰ ਵੀ ਇਜ਼ਰਾਈਲ ਦੀ ਮਦਦ ਕਰਨ ਦਾ ਦੋਸ਼ੀ ਠਹਿਰਾਇਆ ਹੈ।
ਹਨੀਯੇਹ ਨੂੰ 31 ਜੁਲਾਈ ਨੂੰ ਮਾਰ ਦਿੱਤਾ ਗਿਆ ਸੀ। ਉਹ ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਦੇ ਸਹੁੰ ਚੁੱਕ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਗੈੱਸਟ ਹਾਊਸ ’ਚ ਸੀ, ਜਦੋਂ ਹਮਲਾ ਕੀਤਾ ਗਿਆ। ਰੈਵੋਲਿਊਸ਼ਨਰੀ ਗਾਰਡਜ਼ ਨੇ ਦੁਹਰਾਇਆ ਹੈ ਕਿ ਹਨੀਯੇਹ ਦੀ ਮੌਤ ਦਾ ਬਦਲਾ ਲਿਆ ਜਾਵੇਗਾ ਤੇ ਇਜ਼ਰਾਈਲ ਨੂੰ ਸਖਤ ਸਜ਼ਾ ਮਿਲੇਗੀ।
ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਈਰਾਨ, ਹਮਾਸ ਤੇ ਹਿਜ਼ਬੁੱਲ੍ਹਾ ਦੀਆਂ ਧਮਕੀਆਂ ਦੇ ਮੱਦੇਨਜ਼ਰ ਮੱਧ ਪੂਰਬ ਵਿਚ ਹੋਰ ਲੜਾਕੇ ਜੈੱਟ ਤੇ ਨੇਵੀ ਦੇ ਜੰਗੀ ਜਹਾਜ਼ ਤਾਇਨਾਤ ਕਰੇਗਾ। ਰੱਖਿਆ ਮੰਤਰੀ ਲਾਇਡ ਆਸਟਿਨ ਨੇ ਮੱਧ ਪੂਰਬ ਤੇ ਯੂਰਪ ਵਿਚ ਹੋਰ ਨੇਵੀ ਕਰੂਜ਼ਰ ਤੇ ਡਿਸਟ੍ਰਾਇਰ ਤਾਇਨਾਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਬਾਲਿਸਟਿਕ ਮਿਜ਼ਾਈਲਾਂ ਨੂੰ ਫੁੰਡ ਸਕਦੇ ਹਨ।