ਚੈਟੋਰੌਕਸ : ਮਨੂੰ ਭਾਕਰ ਪੈਰਿਸ ਉਲੰਪਿਕ ਦੇ 25 ਮੀਟਰ ਮਹਿਲਾ ਸਪੋਰਟਸ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਸ਼ਨੀਵਾਰ ਚੌਥੇ ਸਥਾਨ ’ਤੇ ਰਹਿ ਕੇ ਤੀਜਾ ਤਮਗਾ ਜਿੱਤਣ ਤੋਂ ਖੁੰਝ ਗਈ। 22 ਸਾਲਾ ਮਨੰੂ ਨੇ ਅੱਠ ਮਹਿਲਾਵਾਂ ਦੇ ਫਾਈਨਲ ’ਚ 28 ਦਾ ਸਕੋਰ ਕੀਤਾ ਅਤੇ ਹੰਗਰੀ ਦੀ ਨਿਸ਼ਾਨੇਬਾਜ਼ ਨਾਲ ਬਰਾਬਰ ਰਹੀ, ਪਰ ਸ਼ੂਟ-ਆਫ ’ਚ ਹੰਗਰੀ ਦੀ ਵੈਰੋਨਿਕਾ ਮੇਜਰ ਤੋਂ ਹਾਰ ਕੇ ਕਾਂਸੀ ਦਾ ਤਮਗਾ ਹਾਸਲ ਨਹੀਂ ਕਰ ਸਕੀ। ਸੀਨੀਅਰ ਤੀਰਅੰਦਾਜ਼ ਦੀਪਿਕਾ ਕੁਮਾਰ ਵਿਅਕਤੀਗਤ ਮੁਕਾਬਲੇ ਦੇ ਕੁਆਰਟਰ ਫਾਈਨਲ ’ਚ ਕੋਰੀਆ ਦੀ ਸੁਹਯਿਓਨ ਨਾਮ ਤੋਂ 4-6 ਨਾਲ ਹਾਰ ਗਈ। ਇਸ ਦੇ ਨਾਲ ਹੀ ਤੀਰਅੰਦਾਜ਼ੀ ’ਚ ਭਾਰਤ ਦੀ ਚੁਣੌਤੀ ਖਤਮ ਹੋ ਗਈ।
ਦੀਪਿਕਾ ਨੇ ਪ੍ਰੀ-ਕੁਆਰਟਰ ਫਾਈਨਲ ’ਚ ਜਰਮਨੀ ਦੀ ਮਿਸ਼ੇਲ ਕਰੌਪਨ ਨੂੰ 6-4 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਮਹਿਲਾ ਤੀਰਅੰਦਾਜ਼ ਭਜਨ ਕੌਰ ਪ੍ਰੀ-ਕੁਆਰਟਰ ਫਾਈਨਲ ਦੌਰਾਨ ਸ਼ੂਟਆਊਟ ’ਚ ਇੰਡੋਨੇਸ਼ੀਆ ਦੀ ਦਿਆਨੰਦਾ ਚੌਇਰੋਨਿਸ਼ਾ ਤੋਂ 8-9 ਨਾਲ ਹਾਰ ਗਈ।