ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਸੱਤਾਧਾਰੀ ਆਵਾਮੀ ਲੀਗ ਦੇ ਸਮਰਥਕਾਂ ਵਿਚਾਲੇ ਐਤਵਾਰ ਹੋਈਆਂ ਝੜਪਾਂ ’ਚ 32 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖਮੀ ਹੋ ਗਏ। ਵਿਦਿਆਰਥੀਆਂ ਦੀ ਨਾਮਿਲਵਰਤਨ ਲਹਿਰ ਦਾ ਐਤਵਾਰ ਪਹਿਲਾ ਦਿਨ ਸੀ। ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ‘ਨਾਮਿਲਵਰਤਨ ਪ੍ਰੋਗਰਾਮ’ ਵਿਚ ਹਿੱਸਾ ਲੈਣ ਪਹੁੰਚੇ। ਆਵਾਮੀ ਲੀਗ, ਛਾਤਰ ਲੀਗ ਅਤੇ ਜੁਬੋ ਲੀਗ ਦੇ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਫਿਰ ਦੋਹਾਂ ਧਿਰਾਂ ਵਿਚਾਲੇ ਝੜਪਾਂ ਹੋਈਆਂ। ਮੀਡੀਆ ਰਿਪੋਰਟਾਂ ਮੁਤਾਬਕ 13 ਜ਼ਿਲ੍ਹਿਆਂ ’ਚ 32 ਲੋਕ ਮਾਰੇ ਗਏ ਹਨ। ਗ੍ਰਹਿ ਮੰਤਰਾਲੇ ਨੇ ਸ਼ਾਮ 6 ਵਜੇ ਤੋਂ ਦੇਸ਼ ਭਰ ’ਚ ਕਰਫਿਊ ਲਾ ਦਿੱਤਾ ਹੈ। ਫੇਸਬੁਕ, ਮੈਸੰਜਰ, ਵਟਸਐਪ ਤੇ ਇੰਸਟਾਗ੍ਰਾਮ ਬੰਦ ਕਰ ਦਿੱਤੇ ਗਏ ਹਨ। ਮੋਬਾਇਲ ਅਪ੍ਰੇਟਰਾਂ ਨੂੰ ਫੋਰ ਜੀ ਮੋਬਾਇਲ ਇੰਟਰਨੈੱਟ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ੇਖ ਹਸੀਨਾ ਨੇ ਕਿਹਾ ਹੈ ਕਿ ਗੜਬੜ ਕਰਨ ਵਾਲੇ ਵਿਦਿਆਰਥੀ ਨਹੀਂ, ਦਹਿਸ਼ਤਗਰਦ ਹਨ ਤੇ ਲੋਕ ਇਨ੍ਹਾਂ ਨੂੰ ਲੰਮੇ ਹੱਥੀਂ ਲੈਣ। ਇਸੇ ਦੌਰਾਨ ਹਸੀਨਾ ਨੇ ਥਲ, ਜਲ ਤੇ ਹਵਾਈ ਸੈਨਾ, ਪੁਲਸ ਤੇ ਨੀਮ ਫੌਜੀ ਬਲਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਹੈ। ਢਾਕਾ ਵਿਚ ਬਹੁਤੀਆਂ ਦੁਕਾਨਾਂ ਤੇ ਮਾਲ ਬੰਦ ਰਹੇ। ਸੈਂਕੜੇ ਵਿਦਿਆਰਥੀਆਂ ਤੇ ਪੇਸ਼ਾਵਰ ਲੋਕਾਂ ਨੇ ਸ਼ਾਹਬਾਗ ਵਿਚ ਇਕੱਠੇ ਹੋ ਕੇ ਸਭ ਪਾਸਿਆਂ ਦਾ ਟਰੈਫਿਕ ਰੋਕ ਦਿੱਤਾ। ‘ਡੇਲੀ ਸਟਾਰ’ ਅਖਬਾਰ ਮੁਤਾਬਕ ਢਾਕਾ ਦੀ ਬੰਗਬੰਧੂ ਸ਼ੇਖ ਮੁਜੀਬਰ ਮੈਡੀਕਲ ਯੂਨੀਵਰਸਿਟੀ ਵਿਚ ਕਈ ਵਹੀਕਲਾਂ ਨੂੰ ਅੱਗ ਲਾ ਦਿੱਤੀ ਗਈ।