24 C
Jalandhar
Friday, October 18, 2024
spot_img

ਸਵਰਗ ‘ਚ ਚੋਣਾਂ ਦੀਆਂ ਘੰਟੀਆਂ

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਹਰਿਆਣਾ ਤੇ ਜੰਮੂ-ਕਸ਼ਮੀਰ ਵਿਚ ਅਸੰਬਲੀ ਚੋਣਾਂ ਦਾ ਐਲਾਨ ਕਰ ਦਿੱਤਾ | ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ‘ਚ ਤਿੰਨ ਪੜਾਵਾਂ 18, 25 ਸਤੰਬਰ ਤੇ ਪਹਿਲੀ ਅਕਤੂਬਰ ਨੂੰ ਵੋਟਾਂ ਪੈਣਗੀਆਂ | ਹਰਿਆਣਾ ‘ਚ ਪਹਿਲੀ ਅਕਤੂਬਰ ਨੂੰ ਪੈਣਗੀਆਂ ਤੇ ਦੋਵਾਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ |
ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਅਸੰਬਲੀ ਚੋਣਾਂ ਹੋ ਰਹੀਆਂ ਹਨ | ਕਸ਼ਮੀਰ ‘ਚ 47 ਤੇ ਜੰਮੂ ਖੇਤਰ ‘ਚ 43 ਹਲਕੇ ਹਨ | ਇਸ ਤੋਂ ਪਹਿਲਾਂ 2014 ‘ਚ ਅਸੰਬਲੀ ਚੋਣਾਂ ਹੋਈਆਂ ਸਨ | ਹਰਿਆਣਾ ਅਸੰਬਲੀ ਦਾ ਕਾਰਜਕਾਲ 3 ਨਵੰਬਰ ਨੂੰ ਖਤਮ ਹੋ ਰਿਹਾ ਹੈ | ਚੋਣ ਕਮਿਸ਼ਨ ਦੀ ਜੰਮੂ-ਕਸ਼ਮੀਰ ‘ਚ 30 ਸਤੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਯੋਜਨਾ ਸੀ | ਇਹ ਸਮਾਂ ਸੀਮਾ ਸੁਪਰੀਮ ਕੋਰਟ ਨੇ ਤੈਅ ਕੀਤੀ ਸੀ | ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ‘ਚ 90 ਹਲਕਿਆਂ ‘ਚ 87.09 ਲੱਖ ਵੋਟਰ ਹਨ ਤੇ ਇਨ੍ਹਾਂ ਵਿੱਚ 42.6 ਲੱਖ ਮਹਿਲਾ ਵੋਟਰ ਹਨ | ਹਰਿਆਣਾ ‘ਚ ਵੀ 90 ਹਲਕੇ ਹਨ ਤੇ ਇਥੇ 2 ਕਰੋੜ ਤੋਂ ਵੱਧ ਵੋਟਰ ਹਨ |
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਭਾਰੀ ਮੀਂਹਾਂ ਤੇ ਸੁਰੱਖਿਆ ਪ੍ਰਬੰਧਾਂ ਕਰਕੇ ਮਹਾਰਾਸ਼ਟਰ ਵਿਚ ਹਰਿਆਣਾ ਦੇ ਨਾਲ ਚੋਣਾਂ ਨਾ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ | ਪਿਛਲੀ ਵਾਰ ਹਰਿਆਣਾ ਦੇ ਨਾਲ ਹੀ ਹੋਈਆਂ ਸਨ | ਉਦੋਂ ਜੰਮੂ-ਕਸ਼ਮੀਰ ਦਾ ਮਾਮਲਾ ਨਹੀਂ ਸੀ | ਐਤਕੀਂ ਇਸ ਸਾਲ ਚਾਰ ਅਸੰਬਲੀ ਚੋਣਾਂ ਹਨ ਤੇ ਪੰਜਵੀਂ ਵੀ ਛੇਤੀ ਬਾਅਦ ਹੋਣੀ ਹੈ | ਪਹਿਲਾਂ ਹਰਿਆਣਾ ਤੇ ਜੰਮੂ-ਕਸ਼ਮੀਰ ਦੀਆਂ ਹੋ ਰਹੀਆਂ ਹਨ | ਫਿਰ ਮਹਾਰਾਸ਼ਟਰ, ਝਾਰਖੰਡ ਤੇ ਦਿੱਲੀ ਦੀਆਂ ਹੋਣੀਆਂ ਹਨ | ਸੁਰੱਖਿਆ ਬਲਾਂ ਦੀ ਲੋੜ ਦੇ ਮੱਦੇਨਜ਼ਰ ਦੋ-ਦੋ ਅਸੰਬਲੀ ਚੋਣਾਂ ਕਰਾਉਣ ਦਾ ਫੈਸਲਾ ਲਿਆ ਗਿਆ ਹੈ | ਮਹਾਰਾਸ਼ਟਰ ਵਿਚ ਮੀਂਹ ਬਹੁਤ ਪੈ ਰਿਹਾ ਹੈ ਅਤੇ ਕਈ ਤਿਉਹਾਰ ਵੀ ਆ ਰਹੇ ਹਨ |
ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਆਦਿੱਤਿਆ ਠਾਕਰੇ ਨੇ ਮਹਾਰਾਸ਼ਟਰ ਚੋਣਾਂ ਲੇਟ ਕਰਨ ਲਈ ਚੋਣ ਕਮਿਸ਼ਨ ਦੀ ਨਿੰਦਾ ਕਰਦਿਆਂ ਕਿਹਾ ਕਿ ਜੇ ਚੋਣ ਕਮਿਸ਼ਨ ਮਹਾਰਾਸ਼ਟਰ ਦੀ ਚੋਣ ਹਰਿਆਣਾ ਦੇ ਨਾਲ ਨਹੀਂ ਕਰਾ ਸਕਦਾ ਤਾਂ ਸਾਰੇ ਦੇਸ਼ ਵਿਚ ਲੋਕ ਸਭਾ ਤੇ ਅਸੰਬਲੀ ਚੋਣਾਂ ਇੱਕੋ ਵਾਰ ਕਿਵੇਂ ਕਰਾਏਗਾ, ਜਿਸ ਦਾ ਭਾਜਪਾ ਰੌਲਾ ਪਾਉਂਦੀ ਹੈ | ਜੇ ਜੰਮੂ-ਕਸ਼ਮੀਰ ਵਿਚ ਹੀ ਏਨੇ ਸੁਰੱਖਿਆ ਬਲ ਚਾਹੀਦੇ ਹਨ ਤਾਂ ਹੁਣ ਤੱਕ ਭਾਜਪਾ ਦੇ ਉੱਥੇ ਅਮਨ-ਅਮਾਨ ਦੇ ਦਾਅਵਿਆਂ ਵਿਚ ਕਿੰਨੀ ਸੱਚਾਈ ਹੈ | ਰਹੀ ਗੱਲ ਮੀਂਹ ਦੀ, ਤਾਂ ਕੀ ਸਿਰਫ ਮਹਾਰਾਸ਼ਟਰ ਵਿਚ ਹੀ ਮਾਨਸੂਨ ਦਾ ਮੀਂਹ ਪੈ ਰਿਹਾ ਹੈ, ਹੋਰਨਾਂ ਰਾਜਾਂ ਵਿਚ ਨਹੀਂ ਪੈ ਰਿਹਾ | ਉਨ੍ਹਾ ਕਿਹਾ ਕਿ ਚੋਣ ਕਮਿਸ਼ਨ ਨੂੰ ਉਸ ਦੇ ਬੌਸ (ਭਾਜਪਾ) ਨੇ ਮਹਾਰਾਸ਼ਟਰ ਵਿਚ ਅਜੇ ਚੋਣਾਂ ਨਾ ਕਰਾਉਣ ਲਈ ਕਿਹਾ ਹੈ | ਉਸ ਨੂੰ ਲੱਗਦਾ ਹੈ ਕਿ ਮਹਾਰਾਸ਼ਟਰ ਦੇ ਲੋਕ ਲੋਕ ਸਭਾ ਚੋਣਾਂ ਵਾਂਗ ਅਸੰਬਲੀ ਚੋਣਾਂ ਵਿਚ ਵੀ ਉਸ ਨੂੰ ਰੱਦ ਕਰਨ ਵਾਲੇ ਹਨ |

Related Articles

LEAVE A REPLY

Please enter your comment!
Please enter your name here

Latest Articles