ਫੋਗਾਟ ਦੀ ਸਨਮਾਨ ਰਾਸ਼ੀ ’ਚ 100 ਰੁਪਏ ਚੌਕੀਦਾਰ ਦੇ ਵੀ

0
202

ਹਿਸਾਰ : ਭਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਉਲੰਪਿਕ ’ਚ ਫਾਈਨਲ ’ਚ ਪੁੱਜਣ ਦੇ ਬਾਵਜੂਦ ਭਾਵੇਂ ਕੋਈ ਤਮਗਾ ਤਾਂ ਨਹੀਂ ਮਿਲਿਆ, ਪਰ ਦੇਸ਼ ਪਰਤਣ ’ਤੇ ਲੋਕਾਂ ਨੇ ਮਣਾਂ-ਮੂੰਹੀਂ ਪਿਆਰ ਦਿੱਤਾ। ਉਹ ਸ਼ਨੀਵਾਰ ਪੈਰਿਸ ਤੋਂ ਪਰਤਣ ਦੇ ਬਾਅਦ ਦਿੱਲੀ ਹਵਾਈ ਅੱਡੇ ਤੋਂ ਅੱਧੀ ਰਾਤ ਚਰਖੀ ਦਾਦਰੀ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਬਲਾਲੀ ਪਹੁੰਚੀ। ਉਹ ਇੰਨੀ ਜ਼ਿਆਦਾ ਥੱਕ ਚੁੱਕੀ ਸੀ ਕਿ ਉਹ ਉਸ ਦਾ ਸਨਮਾਨ ਕਰਨ ਲਈ ਲਗਾਈ ਗਈ ਸਟੇਜ ’ਤੇ ਹੀ ਸੌਂ ਗਈ। ਉਸ ਨੇ ਹਵਾਈ ਅੱਡੇ ਤੋਂ ਪਿੰਡ ਤੱਕ ਦਾ ਲੱਗਭੱਗ 125 ਕਿਲੋਮੀਟਰ ਦਾ ਸਫਰ 13 ਘੰਟਿਆਂ ’ਚ ਤੈਅ ਕੀਤਾ। ਕਰੀਬ ਸੌ ਥਾਵਾਂ ’ਤੇ ਉਸ ਦਾ ਸਨਮਾਨ ਕੀਤਾ ਗਿਆ। ਪਿੰਡ ਦੇ ਚੌਕੀਦਾਰ ਦੇ 100 ਰੁਪਏ ਤੋਂ ਲੈ ਕੇ ਫੌਜੀ ਭਾਈਚਾਰੇ ਦੇ 21 ਹਜ਼ਾਰ ਰੁਪਏ ਸਨਮਾਨ ਰਾਸ਼ੀ ਵਿਚ ਸ਼ਾਮਲ ਸਨ। ਰਾਤ-ਭਰ ਲੋਕ ਦਾਨ ਕਰਦੇ ਰਹੇ। ਪਿੰਡ ਦੀ ਸਰਪੰਚ ਰੀਤਿਕਾ ਸਾਂਗਵਾਨ ਖੁਦ ਫੋਗਾਟ ਦਾ ਸਨਮਾਨ ਨਹੀਂ ਕਰ ਸਕੀ ਤੇ ਆਪਣੇ ਪਤੀ ਨੂੰ ਇਹ ਕਹਿ ਕੇ ਸਨਮਾਨ ਕਰਨ ਲਈ ਘੱਲਿਆ ਕਿ ਫੋਗਾਟ ਦੇ ਆਸ਼ੀਰਵਾਦ ਨਾਲ ਇਕ ਕੱਪੜਾ ਉਸ ਦੇ ਹੱਥ ਨਾਲ ਛੁਆ ਕੇ ਲਿਆਵੀਂ। ਮੈਂ ਨਵਜੰਮੇ ਬੱਚੇ ਨੂੰ ਉਹ ਪੁਆਉਣਾ ਤਾਂ ਕਿ ਉਸ ਵਿਚ ਉਸ ਵਰਗਾ ਜਿਗਰਾ ਪੈਦਾ ਹੋਵੇ।
ਫੋਗਾਟ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਖਿਲਾਫ ਉਸ ਦੀ ਲੜਾਈ ਜਾਰੀ ਰਹੇਗੀ ਅਤੇ ਉਮੀਦ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ। ਉਸ ਨੇ ਇਹ ਗੱਲ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਵੱਲੋਂ ਕਥਿਤ ਤੌਰ ’ਤੇ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਤੇ ਚੱਲੇ ਅੰਦੋਲਨ ਦੇ ਸੰਦਰਭ ਵਿਚ ਕਹੀ।

LEAVE A REPLY

Please enter your comment!
Please enter your name here