ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਕਰੇਨ ਦੇ ਦੌਰੇ ਤੋਂ ਪਹਿਲਾਂ ਭਾਰਤ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਜੰਗ ਰੁਕਵਾਉਣ ਲਈ ਰੂਸ ਤੇ ਯੂਕਰੇਨ ਵਿਚਾਲੇ ਵਿਚੋਲਗੀ ਨਹੀਂ ਕਰੇਗਾ ਪਰ ਇਕ-ਦੂਜੇ ਦੇ ਸੁਨੇਹੇ ਇੱਧਰ-ਉੱਧਰ ਪਹੁੰਚਾਉਣ ’ਚ ਕਾਸਦ ਦਾ ਰੋਲ ਅਦਾ ਕਰ ਸਕਦਾ ਹੈ।
ਮੋਦੀ ਦੇ 23 ਅਗਸਤ ਨੂੰ ਯੂਕਰੇਨ ਦਾ ਸੰਖੇਪ ਦੌਰਾ ਕੀਤੇ ਜਾਣ ਦੀ ਚਰਚਾ ਹੈ। ਫਰਵਰੀ 2022 ਵਿਚ ਰੂਸ ਤੇ ਯੂਕਰੇਨ ਵਿਚਾਲੇ ਛਿੜੀ ਜੰਗ ਤੋਂ ਬਾਅਦ ਕਿਸੇ ਸੀਨੀਅਰ ਭਾਰਤੀ ਆਗੂ ਦਾ ਇਹ ਪਹਿਲਾ ਯੂਕਰੇਨ ਦੌਰਾ ਹੋਵੇਗਾ। ਮੋਦੀ 1991 ਵਿਚ ਆਜ਼ਾਦ ਹੋਏ ਯੂਕਰੇਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਚੀਫ ਆਫ ਸਟਾਫ ਆਂਦਰੀ ਯੇਰਮੈਕ ਨੇ ਪਿਛਲੇ ਮਹੀਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਸੀ ਕਿ ਮੋਦੀ ਯੂਕਰੇਨ ਵਿਚ ਅਮਨ ਲਿਆਉਣ ’ਚ ਅਹਿਮ ਰੋਲ ਅਦਾ ਕਰ ਸਕਦੇ ਹਨ।
ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਦੋਹਾਂ ਦੇਸ਼ਾਂ ਵਿਚਾਲੇ ਸਿੱਧੀ ਵਿਚੋਲਗੀ ਨਹੀਂ ਕਰੇਗਾ, ਸਗੋਂ ਇਕ-ਦੂਜੇ ਦੇ ਸੁਨੇਹੇ ਪਹੁੰਚਾ ਸਕਦਾ ਹੈ।



