ਪੈਰਿਸ ਦਾ ਮੇਲਾ ਤਾਂ ਉੱਤਰੀ ਕੋਰੀਆ ਨੇ ਲੁੱਟਿਆ

0
156

ਕੋਲਕਾਤਾ : ਕਿਮ ਜੋਂਗ ਉਨ ਦੀ ਅਗਵਾਈ ਹੇਠ ਕਰੀਬ 2 ਕਰੋੜ ਦੀ ਆਬਾਦੀ ਵਾਲੇ ਉੱਤਰੀ ਕੋਰੀਆ ਦੀ ਦੱਖਣੀ ਕੋਰੀਆ ਤੇ ਜਾਪਾਨ ਵਰਗੇ ਗਵਾਂਢੀਆਂ ਨਾਲ ਟਕਰਾਵਾਂ ਤੇ ਮਿਜ਼ਾਈਲਾਂ ਦੀਆਂ ਪਰਖਾਂ ਕਰਨ ਵਜੋਂ ਹੀ ਮੀਡੀਆ ਵਿਚ ਚਰਚਾ ਰਹਿੰਦੀ ਹੈ, ਪਰ ਉਸ ਦੇ ਖਿਡਾਰੀਆਂ ਨੇ ਪੈਰਿਸ ਉਲੰਪਿਕ ’ਚ ਜੋ ਪ੍ਰਦਰਸ਼ਨ ਕੀਤਾ, ਉਹ ਅਮਰੀਕਾ ਤੇ ਚੀਨ ਵਰਗੇ ਦੇਸ਼ਾਂ ਨਾਲੋਂ ਕਿਤੇ ਬਿਹਤਰ ਸੀ। ਇਸ ਦਾ ਮੀਡੀਆ ਵਿਚ ਖਾਸ ਜ਼ਿਕਰ ਨਹੀਂ ਹੋਇਆ। ਉਸ ਨੇ ਉਲੰਪਿਕ ਵਿਚ 14 ਖਿਡਾਰੀ ਘੱਲੇ ਸਨ ਤੇ ਉਨ੍ਹਾਂ ਦੋ ਚਾਂਦੀ ਤੇ ਚਾਰ ਕਾਂਸੀ ਦੇ ਤਮਗੇ ਜਿੱਤ ਕੇ ਤਮਗਾ ਸੂਚੀ ਵਿਚ ਦੇਸ਼ ਨੂੰ 68ਵਾਂ ਸਥਾਨ ਦਿਵਾਇਆ। ਹਾਲਾਂਕਿ ਉੱਤਰੀ ਕੋਰੀਆ ਨੇ ਕੋਈ ਸੋਨ ਤਮਗਾ ਨਹੀਂ ਜਿੱਤਿਆ, ਅੰਕੜੇ ਦੱਸਦੇ ਹਨ ਕਿ ਉਸ ਦਾ ਪ੍ਰਦਰਸ਼ਨ ਖਾਸ ਰਿਹਾ। 14 ਖਿਡਾਰੀਆਂ ਦੇ ਹਿਸਾਬ ਨਾਲ ਉਹ ਪ੍ਰਤੀ ਖਿਡਾਰੀ 0.429 ਤਮਗੇ ਜਿੱਤਿਆ। ਅਮਰੀਕਾ ਨੇ 592 ਖਿਡਾਰੀ ਉਤਾਰੇ ਸਨ ਤੇ ਉਸ ਨੂੰ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ 0.219 ਤਮਗੇ, ਮਿਲੇ ਜਦਕਿ ਚੀਨ ਦੇ 388 ਮੈਂਬਰੀ ਦਲ ਨੂੰ ਪ੍ਰਤੀ ਖਿਡਾਰੀ 0.234 ਤਮਗੇ ਮਿਲੇ।
ਅਮਰੀਕਾ 126 ਤਮਗੇ (40 ਸੋਨੇ, 44 ਚਾਂਦੀ ਤੇ 42 ਕਾਂਸੀ) ਜਿੱਤ ਕੇ ਪਹਿਲੇ ਤੇ ਚੀਨ 91 ਤਮਗੇ (40 ਸੋਨੇ, 27 ਚਾਂਦੀ ਤੇ 24 ਕਾਂਸੀ) ਜਿੱਤ ਕੇ ਦੂਜੇ ਨੰਬਰ ’ਤੇ ਰਿਹਾ। ਉੱਤਰੀ ਕੋਰੀਆ ਦੀ ਰੀ ਜੋਂਗ-ਸਿਕ ਤੇ ਕਿਮ ਕੁਮ-ਯੋਂਗ ਦੀ ਜੋੜੀ ਨੇ ਟੇਬਲ ਟੈਨਿਲ ਦੇ ਮਿਕਸਡ ਡਬਲਜ਼ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ। ਕਿਮ ਮੀ-ਰਾਏ ਤੇ ਜੋ ਜਿਨ-ਮੀ ਦੀ ਜੋੜੀ ਨੇ ਮਹਿਲਾਵਾਂ ਦੇ ਸਿੰਕਰੋਨਾਈਜ਼ਡ 10 ਐੱਮ ਪਲੇਟਫਾਰਮ ਦੇ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਿਆ। ਮਹਿਲਾਵਾਂ ਦੀ 54 ਕਿੱਲੋ ਮੁੱਕੇਬਾਜ਼ੀ ਵਿਚ ਪੈਂਗ ਚੋਲ-ਮੀ, ਮਹਿਲਾਵਾਂ ਦੀ 10 ਐੱਮ ਪਲੇਟਫਾਰਮ ਡਾਈਵਿੰਗ ਵਿਚ ਕਿਮ ਮੀ-ਰਾਏ, ਮਰਦਾਂ ਦੀ ਗ੍ਰੀਕੋ-ਰੋਮਨ ਕੁਸ਼ਤੀ ਦੇ 60 ਕਿੱਲੋ ਭਾਰ ਵਰਗ ਵਿਚ ਰੀ ਸੇ-ਉਗ ਅਤੇ ਮਹਿਲਾਵਾਂ ਦੀ ਫ੍ਰੀ ਸਟਾਈਲ ਕੁਸ਼ਤੀ ਦੇ 53 ਕਿੱਲੋ ਭਾਰ ਵਰਗ ਵਿਚ ਚੋਏ ਹਯੋ-ਗਯੋਂਗ ਨੇ ਕਾਂਸੀ ਦੇ ਤਮਗੇ ਜਿੱਤੇ। ਉੱਤਰੀ ਕੋਰੀਆ ਨੇ ਕੋਰੋਨਾ ਕਾਰਨ 2020 ਦੀ ਟੋਕੀਓ ਉਲੰਪਿਕ ਵਿਚ ਹਿੱਸਾ ਨਹੀਂ ਲਿਆ ਸੀ।
2016 ਦੀ ਰੀਓ ਉਲੰਪਿਕ ’ਚ ਉਸ ਨੇ 31 ਮੈਂਬਰੀ ਟੀਮ ਉਤਾਰੀ ਸੀ ਅਤੇ ਸੋਨੇ ਦੇ ਦੋ ਤਮਗਿਆਂ ਸਮੇਤ 7 ਤਮਗੇ ਜਿੱਤੇ ਸਨ। ਭਾਰਤ ਦੇ ਪ੍ਰਦਰਸ਼ਨ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਭਾਰਤ ਤਮਗਾ ਸੂਚੀ ਵਿਚ 71ਵੇਂ ਸਥਾਨ ’ਤੇ ਰਿਹਾ। ਕਰੀਬ ਇਕ ਅਰਬ 40 ਕਰੋੜ ਦੀ ਆਬਾਦੀ ਵਾਲੇ ਦੇਸ਼ ਨੇ ਚਾਂਦੀ ਦਾ ਇਕ ਤੇ ਕਾਂਸੀ ਦੇ ਪੰਜ ਤਮਗੇ ਜਿੱਤੇ। ਭਾਰਤ ਨੇ 117 ਖਿਡਾਰੀ ਉਤਾਰੇ ਸਨ ਤੇ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ 0.051 ਤਮਗੇ ਜਿੱਤੇ। ਇਹ ਕੋਰੀਆ ਦੇ 0.429 ਨਾਲੋਂ ਕਿਤੇ ਘੱਟ ਹਨ। ਉੱਤਰੀ ਕੋਰੀਆ ਦੀ ਕਹਾਣੀ ਦੱਸਦੀ ਹੈ ਕਿ ਤਮਗੇ ਬਹੁਤੇ ਖਿਡਾਰੀ ਭੇਜ ਕੇ ਨਹੀਂ ਜਿੱਤੇ ਜਾਂਦੇ, ਸਗੋਂ ਤਮਗਾ ਜਿੱਤਣ ਵਾਲੇ ਖਿਡਾਰੀ ਤਿਆਰ ਕਰਕੇ ਹੀ ਜਿੱਤੇ ਜਾਂਦੇ ਹਨ।

LEAVE A REPLY

Please enter your comment!
Please enter your name here