ਮੁੰਬਈ : ਸ਼ੇਅਰ ਮਾਰਕਿਟ ਦੇ ਰੈਗੂਲੇਟਰ ਸੇਬੀ ਨੇ ਫੰਡਾਂ ਦੀ ਹੇਰਾਫੇਰੀ ਦੇ ਮਾਮਲੇ ਵਿਚ ਵੱਡੇ ਸਨਅਤਕਾਰ ਅਨਿਲ ਅੰਬਾਨੀ ਨੂੰ ਸ਼ੇਅਰ ਬਾਜ਼ਾਰ ਵਿੱਚੋਂ ਪੰਜ ਸਾਲ ਲਈ ਕੱਢ ਦਿੱਤਾ ਹੈ। ਉਸ ਨੇ ਅੰਬਾਨੀ ’ਤੇ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਉਸ ਦੇ ਕਿਸੇ ਵੀ ਲਿਸਟਿਡ ਕੰਪਨੀ ’ਚ ਡਾਇਰੈਕਟਰ ਰਹਿਣ ’ਤੇ ਵੀ ਰੋਕ ਲਾ ਦਿੱਤੀ ਹੈ।
ਸੇਬੀ ਨੇ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ ਦੇ ਸਾਬਕਾ ਪ੍ਰਮੁੱਖ ਅਧਿਕਾਰੀਆਂ ਸਣੇ 24 ਹੋਰ ਐਂਟੀਟੀਜ਼ ’ਤੇ ਵੀ ਸ਼ੇਅਰ ਮਾਰਕਿਟ ਵਿਚ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ’ਤੇ ਵੱਖ-ਵੱਖ ਜੁਰਮਾਨਾ ਵੀ ਲਾਇਆ ਹੈ। ਰਿਲਾਇੰਸ ਹੋਮ ਫਾਈਨੈਂਸ ’ਤੇ ਵੀ 6 ਮਹੀਨੇ ਲਈ ਪਾਬੰਦੀ ਲਾ ਦਿੱਤੀ ਹੈ ਤੇ ਉਸ ਨੂੰ 6 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸੇਬੀ ਦੇ 222 ਸਫਿਆਂ ਦੇ ਹੁਕਮ ਮੁਤਾਬਕ ਜਾਂਚ ਵਿਚ ਪਤਾ ਲੱਗਾ ਹੈ ਕਿ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਅਨਿਲ ਅੰਬਾਨੀ ਨੇ ਪੈਸਿਆਂ ਦੀ ਹੇਰਾਫੇਰੀ ਕੀਤੀ। ਉਸ ਨੇ ਫੰਡ ਖੁਦ ਵਰਤਿਆ ਤੇ ਦਿਖਾਇਆ ਕਿ ਇਹ ਫੰਡ ਲੋਨ ਵਜੋਂ ਦਿੱਤਾ ਗਿਆ। ਸੇਬੀ ਨੇ ਅਨਿਲ ਅੰਬਾਨੀ ’ਤੇ 25 ਕਰੋੜ, ਅਮਿਤ ਬਾਪਨਾ ’ਤੇ 27 ਕਰੋੜ, ਰਵਿੰਦਰ ਸੁਧਾਲਕਰ ’ਤੇ 26 ਕਰੋੜ ਅਤੇ ਪਿੰਕੇਸ਼ ਆਰ ਸ਼ਾਹ ’ਤੇ 21 ਕਰੋੜ ਦਾ ਜੁਰਮਾਨਾ ਲਾਇਆ ਹੈ। ਰਿਲਾਇੰਸ ਯੂਨੀਕੌਰਨ ਇੰਟਰਪ੍ਰਾਈਜ਼ਿਜ਼, ਰਿਲਾਇੰਸ ਐਕਸਚੇਂਜ ਨੈੱਕਸਟ ਸਣੇ ਹੋਰ ਕੰਪਨੀਆਂ ’ਤੇ ਫੰਡ ਦੀ ਹੇਰਾਫੇਰੀ ਵਿਚ ਸ਼ਾਮਲ ਹੋਣ ’ਤੇ 25-25 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ।



