ਨਵੀਂ ਦਿੱਲੀ : ਭਾਜਪਾ ਨੇ ਸੋਮਵਾਰ ਕਿਹਾ ਕਿ ਉਸ ਦੀ ਸਾਂਸਦ ਕੰਗਣਾ ਰਣੌਤ ਵੱਲੋਂ ਕਿਸਾਨ ਪ੍ਰੋਟੈੱਸਟ ਬਾਰੇ ਦਿੱਤੇ ਬਿਆਨ ਨਾਲ ਉਹ ਸਹਿਮਤ ਨਹੀਂ ਤੇ ਉਸ ਨੇ ਉਸ ਨੂੰ ਅਜਿਹੇ ਬਿਆਨ ਨਾ ਦੇਣ ਦੀ ਹਦਾਇਤ ਕੀਤੀ ਹੈ |
ਕੰਗਣਾ ਨੇ ਕਿਹਾ ਸੀ ਕਿ ਜੇ ਦੇਸ਼ ਦੀ ਟਾਪ ਲੀਡਰਸ਼ਿਪ ਤਕੜੀ ਨਾ ਹੁੰਦੀ ਤਾਂ ਕਿਸਾਨ ਪ੍ਰੋਟੈੱਸਟ ਨਾਲ ਬੰਗਲਾਦੇਸ਼ ਵਰਗੀ ਸਥਿਤੀ ਬਣ ਸਕਦੀ ਸੀ | ਉਸ ਨੇ ਵੀਡੀਓ ਸ਼ੇਅਰ ਕਰਦਿਆਂ ਦੋਸ਼ ਲਾਇਆ ਸੀ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਕੀਤੇ ਗਏ ਅੰਦੋਲਨ ਦੌਰਾਨ ਲਾਸ਼ਾਂ ਲਟਕਾਈਆਂ ਗਈਆਂ ਤੇ ਬਲਾਤਕਾਰ ਕੀਤੇ ਗਏ | ਭਾਜਪਾ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਜਪਾ ਸਾਂਸਦ ਕੰਗਣਾ ਰਣੌਤ ਵੱਲੋਂ ਕਿਸਾਨ ਅੰਦੋਲਨ ਦੇ ਸੰਦਰਭ ਵਿਚ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਇ ਨਹੀਂ ਹੈ | ਭਾਜਪਾ ਇਸ ਨਾਲ ਸਹਿਮਤ ਨਹੀਂ ਹੈ | ਰਣੌਤ ਪਾਰਟੀ ਦੇ ਨੀਤੀ ਮੁੱਦਿਆਂ ‘ਤੇ ਬਿਆਨ ਦੇਣ ਲਈ ਅਧਿਕਾਰਤ ਨਹੀਂ ਹੈ ਤੇ ਨਾ ਹੀ ਉਸ ਨੂੰ ਅਜਿਹੇ ਬਿਆਨ ਦੇਣ ਦੀ ਆਗਿਆ ਦਿੱਤੀ ਗਈ ਹੈ | ਉਸ ਨੂੰ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਬਿਆਨ ਭਵਿੱਖ ‘ਚ ਨਾ ਦੇਵੇ | ਭਾਜਪਾ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਅਤੇ ਸਮਾਜੀ ਇਕਸੁਰਤਾ ਦੇ ਸਿਧਾਂਤਾਂ ਨਾਲ ਪ੍ਰਣਾਈ ਹੋਈ ਹੈ |




