ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਨੇ ਕੰਗਣਾ ਰਣੌਤ ਦੇ ਬਿਆਨ ਦੇ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਹ ਬਹੁਤ ਹੀ ਦੁੱਖਦਾਈ ਗੱਲ ਹੈ ਕਿ ਕਿਸਾਨਾਂ ਨਾਲ ਦੁਰਵਿਵਹਾਰ ਕਰਨ ਵਾਲੀ ਇਸ ਸੰਸਦ ਮੈਂਬਰ ਨੇ ਹੁਣ ਭਾਰਤੀ ਕਿਸਾਨਾਂ ਨੂੰ ਕਾਤਲ, ਬਲਾਤਕਾਰੀ, ਸਾਜ਼ਿਸ਼ਕਰਤਾ ਅਤੇ ਦੇਸ਼ਵਿਰੋਧੀ ਕਹਿਣ ਦਾ ਕਦਮ ਚੁੱਕਿਆ ਹੈ | ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਹ ਅਜਿਹੇ ਬਿਆਨ ਦੇ ਰਹੀ ਹੈ ਕਿਉਂਕਿ ਇਹ ਭਾਜਪਾ ਦੀ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਐੱਸ ਕੇ ਐੱਮ ਦੀ ਅਗਵਾਈ ਵਾਲੇ ਇਤਿਹਾਸਕ ਕਾਰਪੋਰੇਟ ਵਿਰੋਧੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸੋਚ ਮੁਤਾਬਕ ਹੈ | ਕਿਸਾਨ ਅੰਦੋਲਨ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਇਸ ਦਾ ਵਿਸ਼ਾਲ ਚਰਿੱਤਰ ਅਤੇ 736 ਸ਼ਹੀਦਾਂ ਦੀ ਸਰਬੋਤਮ ਕੁਰਬਾਨੀ ਸੀ | ਰਾਜਧਾਨੀ ਦੇ ਆਸ-ਪਾਸ ਕਿਸਾਨ ਸੰਘਰਸ਼ ਦੇ ਪੂਰੇ ਸਮੇਂ ਦੌਰਾਨ ਹਿੰਸਾ ‘ਚ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ |
ਕਿਸਾਨ ਅੰਦੋਲਨ ਬਰਤਾਨਵੀ ਸਾਮਰਾਜਵਾਦ ਵਿਰੁੱਧ ਭਾਰਤੀ ਲੋਕਾਂ ਦੇ ਮਹਾਨ ਬਸਤੀਵਾਦ ਵਿਰੋਧੀ ਸੰਘਰਸ਼ ਦਾ ਉੱਤਰਾਧਿਕਾਰੀ ਹੈ ਅਤੇ ਅਜੇ ਵੀ ਸਾਮਰਾਜਵਾਦੀ ਕਾਰਪੋਰੇਟ ਤਾਕਤਾਂ ਅਤੇ ਨੀਤੀਆਂ ਵਿਰੁੱਧ ਲੜਦਾ ਹੈ | ਕੰਗਣਾ ਰਣੌਤ ਲਈ ਬਿਹਤਰ ਹੋਵੇਗਾ ਕਿ ਉਹ ਭਾਰਤ ‘ਚ ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਕਹਿਣ ਤੋਂ ਪਹਿਲਾਂ ਉਸ ਦੇ ਇਤਿਹਾਸ ਅਤੇ ਰਾਜਨੀਤੀ ਨੂੰ ਜਾਣਨ ਦੀ ਕੋਸ਼ਿਸ਼ ਕਰੇ | ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉਨ੍ਹਾ ਦੀ ਪਾਰਟੀ ਦੀ ਸਾਂਸਦ ਦੁਆਰਾ ਕੀਤੀ ਗਈ ਨਿੰਦਣਯੋਗ ਅਤੇ ਝੂਠੀ ਟਿੱਪਣੀ ਲਈ ਭਾਰਤ ਦੇ ਕਿਸਾਨਾਂ ਤੋਂ ਮੁਆਫੀ ਮੰਗਣ | ਮੋਰਚਾ ਅੱਗੇ ਮੰਗ ਕਰਦਾ ਹੈ ਕਿ ਰਣੌਤ ਤੁਰੰਤ ਭਾਰਤ ਦੇ ਕਿਸਾਨਾਂ ਤੋਂ ਉਸ ਦੇ ਅਣਉਚਿਤ ਅਤੇ ਗਲਤ ਬਿਆਨਾਂ ਲਈ ਬਿਨਾਂ ਸ਼ਰਤ ਮੁਆਫੀ ਮੰਗੇ | ਅਜਿਹਾ ਨਾ ਕਰਨ ‘ਤੇ ਮੋਰਚੇ ਕੋਲ ਉਸ ਦੇ ਜਨਤਕ ਬਾਈਕਾਟ ਦਾ ਸੱਦਾ ਦੇਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ |


