ਨਵੀਂ ਦਿੱਲੀ : ਆਗੂ ਰਾਹੁਲ ਗਾਂਧੀ ਨੇ ਸੋਮਵਾਰ ਦੇਸ਼ ਦਾ ਧਿਆਨ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ ਟੀ ਸੀ) ਦੇ ਕਰਮਚਾਰੀਆਂ ਤੇ ਹੋਮਗਾਰਡਾਂ ਦੇ ਮੁੱਦੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ |
ਉਨ੍ਹਾ ‘ਐਕਸ’ ‘ਤੇ ਨੌਕਰੀ ਦੀ ਅਸੁਰੱਖਿਆ ਅਤੇ ਆਰਥਿਕ ਤੰਗੀਆਂ ਦਾ ਮੁੱਦਾ ਉਜਾਗਰ ਕਰਦਿਆਂ ਕਿਹਾ ਕਿ ਕੋਈ ਸਮਾਜਿਕ ਸੁਰੱਖਿਆ ਨਹੀਂ, ਕੋਈ ਸਥਿਰ ਆਮਦਨ ਨਹੀਂ ਅਤੇ ਕੋਈ ਸਥਾਈ ਨੌਕਰੀ ਨਹੀਂ, ਠੇਕੇ ‘ਤੇ ਮਜ਼ਦੂਰੀ ਨੇ ਇੱਕ ਵੱਡੀ ਜ਼ਿੰਮੇਵਾਰੀ ਵਾਲੀ ਨੌਕਰੀ ਨੂੰ ਮਜਬੂਰੀ ਦੀ ਸਥਿਤੀ ‘ਚ ਬਦਲ ਦਿੱਤਾ ਹੈ |
ਰਾਹੁਲ ਗਾਂਧੀ ਵੱਲੋਂ ਡੀ ਟੀ ਸੀ ਬੱਸ ਦੀ ਸਵਾਰੀ ਕਰਨ ਤੋਂ ਕੁਝ ਦਿਨ ਬਾਅਦ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ | ਬੱਸ ਸਫਰ ਦੌਰਾਨ ਉਨ੍ਹਾ ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਮਾਰਸ਼ਲਾਂ ਨਾਲ ਗੱਲਬਾਤ ਕੀਤੀ ਸੀ | ਰਾਹੁਲ ਗਾਂਧੀ ਨੇ ਲਿਖਿਆ ਹੈ ਕਿ ਜਿੱਥੇ ਡਰਾਈਵਰ ਅਤੇ ਕੰਡਕਟਰ ਅਨਿਸ਼ਚਿਤਤਾ ਦੇ ਹਨੇਰੇ ਵਿਚ ਰਹਿਣ ਲਈ ਮਜਬੂਰ ਹਨ, ਉੱਥੇ ਹੀ ਯਾਤਰੀਆਂ ਦੀ ਸੁਰੱਖਿਆ ਲਈ ਲਗਾਤਾਰ ਤਾਇਨਾਤ ਹੋਮ ਗਾਰਡਜ਼ ਪਿਛਲੇ 6 ਮਹੀਨਿਆਂ ਤੋਂ ਬਿਨਾਂ ਤਨਖਾਹ ਚੱਲ ਰਹੇ ਹਨ | ਡੀ ਟੀ ਸੀ ਕਰਮਚਾਰੀ ਦੇਸ਼ ਭਰ ਦੇ ਹੋਰ ਸਰਕਾਰੀ ਕਰਮਚਾਰੀਆਂ ਵਾਂਗ ਹਨ, ਪਰ ਉਹ ਲਗਾਤਾਰ ਨਿੱਜੀਕਰਨ ਦੇ ਡਰ ਹੇਠਾਂ ਜੀਅ ਰਹੇ ਹਨ | ਇਹ ਉਹ ਲੋਕ ਹਨ, ਜੋ ਭਾਰਤ ਨੂੰ ਚਲਾਉਂਦੇ ਹਨ, ਜੋ ਹਰ ਰੋਜ਼ ਲੱਖਾਂ ਯਾਤਰੀਆਂ ਨੂੰ ਯਾਤਰਾ ਦੀ ਸਹੂਲਤ ਦਿੰਦੇ ਹਨ, ਪਰ ਉਨ੍ਹਾਂ ਨੂੰ ਆਪਣੇ ਸਮਰਪਣ ਦੇ ਬਦਲੇ ਜੋ ਕੁਝ ਮਿਲਿਆ ਹੈ, ਉਹ ਬੇਇਨਸਾਫੀ ਹੈ | ਰਾਹੁਲ ਗਾਂਧੀ ਨੇ ਬਰਾਬਰ ਕੰਮ, ਬਰਾਬਰ ਤਨਖਾਹ ਦੀ ਮੰਗ ਕੀਤੀ ਹੈ | ਰਾਹੁਲ ਗਾਂਧੀ ਨੇ ਪਿਛਲੇ ਹਫਤੇ ਸਰੋਜਨੀ ਨਗਰ ਬੱਸ ਡਿਪੂ ਦੇ ਨੇੜੇ ਡੀ ਟੀ ਸੀ ਬੱਸ ਦੀ ਸਵਾਰੀ ਕੀਤੀ, ਜਿੱਥੇ ਉਨ੍ਹਾਂ ਨੇ ਬਹੁਤ ਸਾਰੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਦੇ ਨਾਲ-ਨਾਲ ਮਾਰਸ਼ਲਾਂ ਨਾਲ ਉਨ੍ਹਾਂ ਦੇ ਮੁੱਦਿਆਂ ‘ਤੇ ਚਰਚਾ ਕੀਤੀ ਸੀ |