ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾ ਮੌਨਸੂਨ ਅਜਲਾਸ ਸੋਮਵਾਰ ਸ਼ੁਰੂ ਹੋ ਗਿਆ | ਪਹਿਲੇ ਦਿਨ ਮਸ਼ਹੂਰ ਕਵੀ ਤੇ ਲੇਖਕ ਸੁਰਜੀਤ ਪਾਤਰ ਤੇ ਉਨ੍ਹਾਂ ਹੋਰ ਅਹਿਮ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਦਾ ਪਿਛਲੇ ਅਜਲਾਸ ਦੀ ਸਮਾਪਤੀ ਤੇ ਮੌਜੂਦਾ ਅਜਲਾਸ ਦੀ ਸ਼ੁਰੂਆਤ ਵਿਚਾਲੇ ਦੇਹਾਂਤ ਹੋ ਗਿਆ ਸੀ | ਇਸ ਦੌਰਾਨ ਵਿਧਾਨ ਸਭਾ ਦੀ ਬਿਜ਼ਨੈੱਸ ਐਡਵਾਇਜ਼ਰੀ ਕਮੇਟੀ ਨੇ ਸ਼ਰਧਾਂਜਲੀਆਂ ਭੇਟ ਕਰਨ ਤੋਂ ਬਾਅਦ ਵਾਧੂ ਸਮਾਂ ਬੈਠਣ ਦਾ ਫੈਸਲਾ ਲਿਆ | ਸਦਨ ਦੇ ਮੈਂਬਰਾਂ ਨੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ ਅਤੇ ਸੁਰਜੀਤ ਸਿੰਘ ਕੋਹਲੀ, ਸਾਬਕਾ ਸੰਸਦ ਮੈਂਬਰ ਕਮਲ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਅਤੇ ਸਾਬਕਾ ਵਿਧਾਇਕ ਧਨਵੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਆਜ਼ਾਦੀ ਘੁਲਾਟੀਏ ਸਰਦੂਲ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ ਅਤੇ ਜਗਦੀਸ਼ ਪ੍ਰਸਾਦ ਨੂੰ ਵੀ ਯਾਦ ਕੀਤਾ ਗਿਆ |