ਕਾਬੁਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਸੋਮਵਾਰ ਨੂੰ ਹੋਏ ਆਤਮਘਾਤੀ ਹਮਲੇ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖ਼ਮੀ ਹੋ ਗਏ।ਇਹ ਧਮਾਕਾ ਕਾਬੁਲ ਦੇ ਦੱਖਣੀ-ਪੱਛਮੀ ਕਾਲਾ ਬਖਤਿਆਰ ਇਲਾਕੇ ’ਚ ਹੋਇਆ।ਮਰਨ ਵਾਲਿਆਂ ’ਚ ਇੱਕ ਔਰਤ ਵੀ ਸ਼ਾਮਲ ਹੈ।ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।ਇਸਲਾਮਿਕ ਸਟੇਟ ਸਮੂਹ ਸੱਤਾਧਾਰੀ ਤਾਲਿਬਾਨ ਦੇ ਮੁੱਖ ਵਿਰੋਧੀ ਦਾ ਸਹਿਯੋਗੀ ਹੈ, ਨੇ ਦੇਸ਼ ਭਰ ਦੇ ਸਕੂਲਾਂ, ਹਸਪਤਾਲਾਂ, ਮਸਜਿਦਾਂ ਅਤੇ ਸ਼ੀਆ ਖੇਤਰਾਂ ’ਤੇ ਕਈ ਹਮਲੇ ਕੀਤੇ ਹਨ। ਤਾਲਿਬਾਨ ਨੇ ਅਗਸਤ 2021 ’ਚ ਅਮਰੀਕੀ ਅਤੇ ਨਾਟੋ ਸੈਨਿਕਾਂ ਦੀ ਵਾਪਸੀ ਦੌਰਾਨ ਅਫ਼ਗਾਨਿਸਤਾਨ ਵਿੱਚ ਸੱਤਾ ’ਤੇ ਕਬਜ਼ਾ ਕਰ ਲਿਆ ਸੀ।
ਜੇਲ੍ਹ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ 129 ਕੈਦੀਆਂ ਦੀ ਮੌਤ
ਕਿੰਸ਼ਾਸਾ : ਕਾਂਗੋ ਦੀ ਰਾਜਧਾਨ ਕਿੰਸ਼ਾਸਾ ’ਚ ਜੇਲ੍ਹ ਤੋੜ ਕੇ ਭੱਜਣ ਦੀ ਕੋਸ਼ਿਸ਼ ’ਚ 129 ਕੈਦੀ ਮਾਰੇ ਗਏ। ਇਨ੍ਹਾਂ ’ਚੋਂ ਜ਼ਿਆਦਾਤਰ ਦੀ ਜਾਨ ਭਗਦੜ ’ਚ ਗਈ। 24 ਸੁਰੱਖਿਆ ਮੁਲਾਜ਼ਮ ਵੀ ਮਾਰੇ ਗਏ। ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਘਟਨਾ ਸੋਮਵਾਰ ਦੁਪਹਿਰ ਮਕਾਲਾ ਜੇਲ੍ਹ ’ਚ ਹੋਈ। ਕਾਂਗੋ ਦੇ ਗ੍ਰਹਿ ਮੰਤਰੀ ਜੈਕਮਿਨ ਸ਼ਬਾਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਜੇਲ੍ਹ ’ਚ ਸਮਰੱਥਾ ਤੋਂ ਵੱਧ ਕੈਦੀ ਸਨ। ਘਟਨਾ ’ਚ 59 ਕੈਦੀ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ’ਚ ਚੱਲ ਰਿਹਾ ਹੈ। ਸ਼ਬਾਨੀ ਨੇ ਕਿਹਾ ਕਿ ਜੇਲ੍ਹ ਦੇ ਇੱਕ ਹਿੱਸੇ ’ਚ ਕੈਦੀਆ ਵੱਲੋਂ ਅੱਗ ਲਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅਪਰਾਧੀਆਂ ਨੇ ਜੇਲ੍ਹ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹੱਦ ਤੱਕ ਸਫ਼ਲ ਵੀ ਹੋ ਗਏ, ਪਰ ਉਸੇ ਸਮੇਂ ਅਚਾਨਕ ਭਗਦੜ ਮਚ ਗਈ ਅਤੇ ਸੈਂਕੜੇ ਕੈਦੀਆਂ ਦੀ ਜਾਨ ਚਲੀ ਗਈ। ਇਸ ਜੇਲ੍ਹ ਦੀ ਸਮਰੱਥਾ 1500 ਕੈਦੀਆਂ ਦੀ ਹੈ, ਪਰ ਇਸ ’ਚ 12000 ਕੈਦੀਆਂ ਨੂੰ ਰੱਖਿਆ ਗਿਆ ਸੀ।
ਔਡੀ ਕੰਪਨੀ ਦੇ ਪ੍ਰਮੁੱਖ ਫੈਬਿ੍ਰਜਿਓ ਦੀ ਮੌਤ
ਰੋਮ : ਲਗਜ਼ਰੀ ਕਾਰ ਔਡੀ ਦੇ ਇਟਲੀ ਪ੍ਰਮੁੱਖ ਫੈਬਿ੍ਰਜਿਓ ਲੋਂਗੋ ਦੀ ਮੌਤ ਹੋ ਗਈ। ਔਡੀ ਕੰਪਨੀ ਦੇ 62 ਸਾਲਾ ਸਿਖਰਲੇ ਅਧਿਕਾਰੀ ਫੈਬਿ੍ਰਜਿਓ ਲੋਂਗੋ ਦੀ ਇਤਾਲਵੀ ਸਵਿਸ ਸਰਹੱਦ ਕੋਲ ਪਹਾੜ ’ਤੇ ਚੜ੍ਹਦੇ ਸਮੇਂ 10,000 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਹ ਇੱਕ ਪਰਬਤਰੋਹੀ ਸਨ ਅਤੇ 2013 ਤੋਂ ਔਡੀ ਇਟਲੀ ਦੇ ਨਿਰਦੇਸ਼ਕ ਸਨ। ਇੱਕ ਤਜਰਬੇਕਾਰ ਪਰਬਤਰੋਹੀ ਲੋਂਗੋ ਸਿਖਰ ਦੇ ਕਰੀਬ ਸਨ, ਜਦ ਇਹ ਘਟਨਾ ਹੋਈ।