ਬਾਈਕ-ਟਰੱਕ ਟੱਕਰ ‘ਚ ਪਿਤਾ ਤੇ ਪੁੱਤਰ ਦੀ ਮੌਤ, ਮਾਂ-ਧੀ ਜ਼ਖਮੀ

0
377

ਸ੍ਰੀ ਫ਼ਤਹਿਗੜ੍ਹ ਸਾਹਿਬ
(ਪ੍ਰਮੋਦ ਭਾਰਦਵਾਜ)
ਸਰਹਿੰਦ-ਭਾਦਸੋਂ ਰੋਡ ‘ਤੇ ਸ਼ਨੀਵਾਰ ਵਾਪਰੇ ਇੱਕ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਦੀ ਮੌਤ ਹੋ ਗਈ ਅਤੇ ਮਾਂ-ਧੀ ਜ਼ਖਮੀ ਹੋ ਗਈਆਂ | ਰਣਜੀਤ ਸਿੰਘ ਉਰਫ ਜੀਤ ਵਾਸੀ ਪਿੰਡ ਰਾਮਦਿੱਤੇ ਵਾਲਾ (ਮਾਨਸਾ) ਆਪਣੀ ਪਤਨੀ ਚਰਨਜੀਤ ਕੌਰ, ਪੁੱਤਰ ਬਲਕਰਨ ਸਿੰਘ (11) ਤੇ ਧੀ ਸੀਮੂ ਕੌਰ (5) ਨੂੰ ਆਪਣੇ ਹੀਰੋ ਹਾਂਡਾ ਮੋਟਰਸਾਈਕਲ ‘ਤੇ ਬਿਠਾ ਕੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ, ਜਿੱਥੋਂ ਮੱਥਾ ਟੇਕ ਕੇ ਘਰ ਨੂੰ ਵਾਪਸ ਆਉਂਦੇ ਸਮੇਂ ਰਣਜੀਤ ਸਿੰਘ ਉਰਫ ਜੀਤ ਮੋਟਰਸਾਈਕਲ ਚਲਾ ਰਿਹਾ ਸੀ ਤੇ ਉਸ ਦੀ ਧੀ ਸੀਮੂ ਕੌਰ ਮੋਟਰਸਾਈਕਲ ਦੇ ਅੱਗੇ ਬੈਠੀ ਸੀ ਤੇ ਰਣਜੀਤ ਸਿੰਘ ਦੇ ਪਿੱਛੇ ਬਲਕਰਨ ਸਿੰਘ ਅਤੇ ਸਭ ਤੋਂ ਪਿੱਛੇ ਚਰਨਜੀਤ ਕੌਰ ਬੈਠੀ ਸੀ | ਸ਼ਾਮ 7.30 ਵਜੇ ਦੇ ਕਰੀਬ ਜਦੋਂ ਸਰਹਿੰਦ-ਭਾਦਸੋਂ ਰੋਡ ‘ਤੇ ਪਿੰਡ ਮਲਕੋਮਾਜਰਾ ਦੀ ਹੱਦ ਟੱਪੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ | ਹਾਦਸੇ ‘ਚ ਰਣਜੀਤ ਸਿੰਘ ਜੀਤ ਅਤੇ ਉਸ ਦੇ ਪੁੱਤਰ ਬਲਕਰਨ ਸਿੰਘ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਚਰਨਜੀਤ ਕੌਰ ਅਤੇ ਧੀ ਸੀਮੂ ਕੌਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ‘ਚ ਦਾਖਲ ਕਰਵਾਇਆ ਗਿਆ | ਮਿ੍ਤਕਾਂ ਦੇ ਵਾਰਸਾਂ ਦੇ ਬਿਆਨਾਂ ‘ਤੇ ਥਾਣਾ ਸਰਹਿੰਦ ਦੀ ਪੁਲਸ ਵੱਲੋਂ ਟਰੱਕ ਨੰਬਰ ਪੀ ਬੀ 13 ਏ.ਆਰ-8410 ਦੇ ਅਣਪਛਾਤੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ |
ਉਧਰ ਭਰਤਗੜ੍ਹ ਪੁਲਸ ਚੌਕੀ ਵਿਚ ਪੈਂਦੇ ਬੜਾ ਪਿੰਡ ਨੇੜੇ ਸ਼ਨੀਵਾਰ ਰਾਤ ਨੈਣਾ ਦੇਵੀ ਜਾਂਦਿਆਂ ਟਰਾਲੀ ਪਲਟਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 31 ਜ਼ਖਮੀ ਹੋ ਗਏ | ਹਰਿਆਣਾ ਦੇ ਕਸਬਾ ਫਤਿਆਬਾਦ ਨੇੜਲੇ ਪਿੰਡ ਇੰਦਾ ਸੂਈ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਨੈਣਾ ਦੇਵੀ ਜਾ ਰਹੇ ਸਨ ਕਿ ਬੜਾ ਪਿੰਡ ਦੀ ਉਤਰਾਈ ਨੇੜੇ ਟਰੈਕਟਰ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਟਰਾਲੀ ਬੇਕਾਬੂ ਹੋ ਕੇ ਪਲਟ ਗਈ, ਜਿਸ ਨਾਲ 32 ਵਿਅਕਤੀ ਜ਼ਖਮੀ ਹੋ ਗਏ | ਕਈਆਂ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਰੂਪਨਗਰ ਅਤੇ ਪੀ ਜੀ ਆਈ ਚੰਡੀਗੜ੍ਹ ਲਈ ਰੈਫਰ ਕਰਨਾ ਪਿਆ | 2 ਵਿਅਕਤੀਆਂ ਜੱਗਰ (41) ਪੁੱਤਰ ਸ਼ਿਵ ਚੰਦ ਅਤੇ ਨਵਾਬਦੀਨ (19) ਪੁੱਤਰ ਪਿਆਰਾ ਰਾਮ ਨੂੰ ਡਾਕਟਰਾਂ ਵੱਲੋਂ ਮਿ੍ਤਕ ਕਰਾਰ ਦੇ ਦਿੱਤਾ ਗਿਆ |

LEAVE A REPLY

Please enter your comment!
Please enter your name here