ਪਟਨਾ : ਦਿੱਲੀ ਤੋਂ ਇਸਲਾਮਪੁਰ ਜਾ ਰਹੀ ਮਗਧ ਐਕਸਪ੍ਰੈੱਸ ਐਤਵਾਰ ਕਪਲਿੰਗ ਟੁੱਟਣ ਕਾਰਨ ਦੋ ਹਿੱਸਿਆਂ ’ਚ ਵੰਡੀ ਗਈ। ਇਹ ਘਟਨਾ ਬਿਹਾਰ ਦੇ ਬਕਸਰ ਜ਼ਿਲ੍ਹੇ ’ਚ ਤਵਿਨੀਗੰਜ ਅਤੇ ਰਘੂਨਾਥਪੁਰ ਵਿਚਾਲੇ ਸਵੇਰੇ 11.08 ਵਜੇ ਵਾਪਰੀ ਅਤੇ ਬਾਅਦ ’ਚ ਰੂਟ ’ਤੇ 2.25 ਵਜੇ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ। ਕੋਈ ਜ਼ਖਮੀ ਨਹੀਂ ਹੋਇਆ।
3 ਮਜ਼ਦੂਰਾਂ ਦੀ ਮੌਤ
ਅੰਬਿਕਾਪੁਰ : ਛੱਤੀਸਗੜ੍ਹ ਦੇ ਸੁਰਗੁਜਾ ਜ਼ਿਲ੍ਹੇ ’ਚ ਐਤਵਾਰ ਐਲੂਮਿਨਾ ਰਿਫਾਇਨਰੀ ’ਚ ਕੋਲੇ ਨਾਲ ਭਰਿਆ ਹੌਪਰ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ। ਇਕ ਮਜ਼ਦੂਰ ਲਾਪਤਾ ਸੀ, ਜਿਸ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਸਨ। ਸਵੇਰੇ 11 ਵਜੇ ਇਹ ਘਟਨਾ ਰਘੂਨਾਥਪੁਰ ਪੁਲਸ ਚੌਕੀ ਅਧੀਨ ਪੈਂਦੇ ਪਿੰਡ ਸਿਲਸਿਲਾ ’ਚ ਸਥਿਤ ਰਿਫਾਇਨਰੀ ’ਚ ਵਾਪਰੀ।
ਗੰਨਮੈਨ ਦੀ ਗੋਲੀ ਨਾਲ ਮੌਤ
ਜੌਨਪੁਰ : ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ’ਚ ਭਾਜਪਾ ਆਗੂ ਮਨੋਜ ਸਿੰਘ ਦੇ ਸਰਕਾਰੀ ਗੰਨਮੈਨ ਦੀ ਐਤਵਾਰ ਤੜਕੇ ਸ਼ੱਕੀ ਹਾਲਤ ’ਚ ਗੋਲੀ ਵੱਜਣ ਕਾਰਨ ਮੌਤ ਹੋ ਗਈ। ਏ ਸੀ ਪੀ (ਦਿਹਾਤੀ) ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਬਾਰਸਾਠੀ ਥਾਣਾ ਖੇਤਰ ਦੇ ਬਾਬੂਰੀ ਪਿੰਡ ਦੇ ਮਨੋਜ ਸਿੰਘ ਦੀ ਸੁਰੱਖਿਆ ’ਚ ਤਾਇਨਾਤ ਗੰਨਮੈਨ ਰਤਨੇਸ਼ ਪਰਜਾਪਤੀ (30) ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਖਦਸ਼ਾ ਹੈ ਕਿ ਪਰਜਾਪਤੀ ਆਪਣੀ ਬੰਦੂਕ ਸਾਫ ਕਰ ਰਿਹਾ ਸੀ, ਜਦੋਂ ਅਚਾਨਕ ਗੋਲੀ ਚੱਲ ਗਈ।
ਆਦਿੱਤਿਆ ਚੌਟਾਲਾ ਇਨੈਲੋ ’ਚ ਸ਼ਾਮਲ
ਡੱਬਵਾਲੀ : ਭਾਜਪਾ ਤੋਂ ਬਾਗੀ ਅਤੇ ਤਾਊ ਦੇਵੀ ਲਾਲ ਦੇ ਪੋਤਰੇ ਆਦਿੱਤਿਆ ਚੌਟਾਲਾ ਐਤਵਾਰ ਆਪਣੇ ਜੱਦੀ ਪਿੰਡ ਚੌਟਾਲਾ ’ਚ ਸਮਰਥਕਾਂ ਸਣੇ ਆਪਣੇ ਤਾਇਆ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ’ਚ ਸ਼ਾਮਲ ਹੋ ਗਏ। ਹੁਣ ਉਹ ਹਲਕਾ ਡੱਬਵਾਲੀ ਤੋਂ ਇਨੈਲੋ ਦੇ ਉਮੀਦਵਾਰ ਹੋਣਗੇ। ‘ਲੋਕ ਰਾਇ’ ਸਮਾਗਮ ’ਚ ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਆਦਿੱਤਿਆ ਚੌਟਾਲਾ ਅਤੇ ਉਨ੍ਹਾ ਦੇ ਹਜ਼ਾਰਾਂ ਸਮਰਥਕਾਂ ਨੂੰ ਇੰਡੀਅਨ ਨੈਸ਼ਨਲ ਲੋਕ ਦਲ ’ਚ ਸ਼ਾਮਲ ਕੀਤਾ ਅਤੇ ਅਦਿੱਤਿਆ ਨੂੰ ਡੱਬਵਾਲੀ ਤੋਂ ਇਨੈਲੋ ਦਾ ਉਮੀਦਵਾਰ ਐਲਾਨਿਆ।



