ਨਵੀਂ ਦਿੱਲੀ : ਰੇਲਵੇ ਨੇ ਸੋਮਵਾਰ ਭਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਅਸਤੀਫੇ ਸਵੀਕਾਰ ਕਰ ਲਏ। ਉੱਤਰ ਰੇਲਵੇ ਨੇ ਕਿਹਾ ਕਿ 6 ਸਤੰਬਰ ਨੂੰ ਦਿੱਤੇ ਗਏ ਅਸਤੀਫਿਆਂ ਨੂੰ ਸਮਰੱਥ ਅਧਿਕਾਰੀ ਵੱਲੋਂ ਤੁਰੰਤ ਪ੍ਰਭਾਵ ਤੋਂ ਸਵੀਕਾਰ ਕਰ ਲਿਆ ਗਿਆ ਹੈ। ਪੂਨੀਆ ਤੇ ਫੋਗਾਟ ਬੀਤੇ ਦਿਨੀਂ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਫੋਗਾਟ ਜੁਲਾਨਾ ਹਲਕੇ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਵੀ ਬਣਾਈ ਗਈ ਹੈ।
ਪਟਨਾ ’ਚ ਭਾਜਪਾ ਆਗੂ ਦੀ ਹੱਤਿਆ
ਪਟਨਾ : ਇੱਥੇ ਚੌਕ ਥਾਣਾ ਇਲਾਕੇ ’ਚ ਸੋਮਵਾਰ ਸਵੇਰੇ ਭਾਜਪਾ ਆਗੂ ਮੁੰਨਾ ਸ਼ਰਮਾ ਦੀ ਇਕ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਸਵੇਰੇ ਲੱਗਭੱਗ 6.15 ਵਜੇ ਮੁੰਨਾ ਸ਼ਰਮਾ ’ਤੇ ਇਕ ਰੈਸਟੋਰੈਂਟ ਕੋਲ ਹਮਲਾ ਕੀਤਾ ਗਿਆ। ਉੱਧਰ, ਆਰ ਜੇ ਡੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਇਸ ਘਟਨਾ ਨੂੰ ਲੈ ਕੇ ਇਕ ਵੀਡੀਓ ਸਾਂਝਾ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਲਿਖਿਆਬਿਹਾਰ ’ਚ ਸੱਤਾ ਦੀ ਮਦਦ ਨਾਲ ਅਪਰਾਧ ਵਧ ਰਿਹਾ ਹੈ। ਇੱਧਰ-ਉੱਧਰ ਮਸਤ, ਵਿਅਸਤ ਅਤੇ ਪਸਤ ਮੁੱਖ ਮੰਤਰੀ ਤੋਂ ਬਿਹਾਰ ਬਿਲਕੁਲ ਵੀ ਨਹੀਂ ਸੰਭਲ ਰਿਹਾ ਹੈ।
ਵੱਡਾ ਰੇਲ ਹਾਦਸਾ ਟਲਿਆ
ਕਾਨਪੁਰ : ਇੱਥੋਂ ਦੇ ਬਿਲਹੌਰ ਰੇਲਵੇ ਸਟੇਸ਼ਨ ਨੇੜੇ ਪਰਿਆਗਰਾਜ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈੱਸ ਦੇ ਡਰਾਈਵਰ ਨੇ ਰੇਲ ਟਰੈਕ ’ਤੇ ਰੱਖੇ ਐੱਲ ਪੀ ਜੀ ਸਿਲੰਡਰ ਨੂੰ ਦੇਖ ਕੇ ਐਮਰਜੈਂਸੀ ਬ੍ਰੇਕਾਂ ਲਗਾ ਦਿੱਤੀਆਂ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਇੰਟ ਪੁਲਸ ਕਮਿਸ਼ਨਰ (ਅਮਨ-ਕਾਨੂੰਨ) ਹਰੀਸ਼ ਚੰਦਰ ਨੇ ਸੋਮਵਾਰ ਦੱਸਿਆ ਕਿ 8/9 ਸਤੰਬਰ ਦੀ ਦਰਮਿਆਨੀ ਰਾਤ ਨੂੰ ਡਰਾਈਵਰ ਨੇ ਬਿਲਹੌਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ’ਤੇ ਟਰੈਕ ’ਤੇ ਸਿਲੰਡਰ ਰੱਖਿਆ ਹੋਇਆ ਦੇਖਿਆ। ਉਸ ਨੇ ਐਮਰਜੈਂਸੀ ਬ੍ਰੇਕਾਂ ਲਗਾ ਦਿੱਤੀਆਂ। ਗੱਡੀ ਨਾਲ ਟਕਰਾਉਣ ਕਾਰਨ ਸਿਲੰਡਰ ਦੂਰ ਜਾ ਡਿੱਗਿਆ।
ਦੋ ਘੁਸਪੈਠੀਏ ਮਾਰੇ
ਜੰਮੂ : ਰਾਜੌਰੀ ਜ਼ਿਲ੍ਹੇ ਵਿਚ ਐੱਲ ਓ ਸੀ ’ਤੇ ਸੈਨਾ ਦੇ ਜਵਾਨਾਂ ਨੇ ਘੁਸਪੈਠ ਨਾਕਾਮ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਲਾਮ ਵਿਚ ਘੁਸਪੈਠ ਵਿਰੋਧੀ ਮੁਹਿੰਮ ਦੌਰਾਨ ਦੋਨਾਂ ਅੱਤਵਾਦੀਆਂ ਨੂੰ ਮਾਰਿਆ ਗਿਆ। ਉਨ੍ਹਾਂ ਕੋਲੋਂ ਏ ਕੇ 47, ਪਿਸਤੌਲ ਅਤੇ ਵੱਡੀ ਮਾਤਰਾ ਵਿਚ ਹੋਰ ਹਥਿਆਰ ਜ਼ਬਤ ਕੀਤੇ ਗਏ ਹਨ।
ਸੱਪ ਦੇ ਡੰਗਣ ਨਾਲ ਤਿੰਨ ਭੈਣਾਂ ਦੀ ਮੌਤ
ਭੁਬਨੇਸ਼ਵਰ : ਓਡੀਸ਼ਾ ਦੇ ਬੌਧ ਜ਼ਿਲ੍ਹੇ ਦੇ ਚਾਰੀਆਪਾਲੀ ਪਿੰਡ ’ਚ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਮੌਤ ਹੋ ਗਈ। ਮਰਨ ਵਾਲੀਆਂ ਦੀ ਪਛਾਣ ਸਮਿ੍ਰਤੀਰੇਖਾ ਮਲਿਕ (12), ਸੁਭਾਰੇਖਾ ਮਲਿਕ (9) ਅਤੇ ਸੁਰਭੀ ਮਲਿਕ (3) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੇ ਪਿਤਾ ਨੂੰ ਵੀ ਸੱਪ ਨੇ ਡੰਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।


