ਵਾਸ਼ਿੰਗਟਨ : ਡੈਮੋਕਰੇਟਿਕ ਪਾਰਟੀ ਲਈ ਧਨ ਇਕੱਤਰ ਕਰਨ ਵਾਲੇ ਭਾਰਤੀ-ਅਮਰੀਕੀ ਉਦਯੋਗਪਤੀ ਅਜੇ ਜੈਨ ਭੂਟੋਰੀਆ ਨੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਉਮੀਦਵਾਰ ਕਮਲਾ ਹੈਰਿਸ ਵਾਸਤੇ ਦੱਖਣੀ ਏਸ਼ੀਆਈ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਇਕ ਸੰਗੀਤ ਵੀਡੀਓ ਜਾਰੀ ਕੀਤੀ ਹੈ। ਗੀਤ ‘ਨਾਚੋ ਨਾਚੋ’ ਹਿੰਦੀ ਫਿਲਮਾਂ ਦੀ ਗਾਇਕਾ ਸ਼ਿਬਾਨੀ ਕਸ਼ਿਅਪ ਵੱਲੋਂ ਗਾਇਆ ਗਿਆ ਹੈ ਅਤੇ ਰਿਤੇਸ਼ ਪਾਰਿਖ ਨੇ ਇਸ ਨੂੰ ਤਿਆਰ ਕੀਤਾ ਹੈ। ਇਹ ਗੀਤ ਭੂਟੋਰੀਆ ਦੇ ਦਿਮਾਗ ਦੀ ਉਪਜ ਹੈ, ਜੋ ਕਿ ਹੈਰਿਸ ਦੀ ਕੌਮੀ ਵਿੱਤ ਕਮੇਟੀ ਦੇ ਮੈਂਬਰ ਹਨ। ਭੂਟੋਰੀਆ ਨੇ ਕਿਹਾ ਕਿ ‘ਨਾਚੋ ਨਾਚੋ’ ਸਿਰਫ ਇਕ ਗੀਤ ਨਹੀਂ ਹੈ, ਬਲਕਿ ਇਕ ਅੰਦੋਲਨ ਹੈ।
ਮੋਦੀ ਦੀ ਆਬੂ ਧਾਬੀ ਦੇ ਸ਼ਹਿਜ਼ਾਦੇ ਨਾਲ ਗੱਲਬਾਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਆਬੂ ਧਾਬੀ ਦੇ ਸ਼ਹਿਜ਼ਾਦਾ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਮੁੱਚੇ ਰਣਨੀਤਕ ਸੰਬੰਧਾਂ ਨੂੰ ਬੜ੍ਹਾਵਾ ਦੇਣ ’ਤੇ ਧਿਆਨ ਕੇਂਦਰਤ ਕੀਤਾ। ਨਾਹਯਾਨ ਦੋ ਰੋਜ਼ਾ ਭਾਰਤ ਦੌਰੇ ਤਹਿਤ ਐਤਵਾਰ ਨਵੀਂ ਦਿੱਲੀ ਪੁੱਜੇ ਸਨ।
ਦਿੱਲੀ ’ਚ ਪਟਾਕਿਆਂ ’ਤੇ ਰੋਕ
ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੌਮੀ ਰਾਜਧਾਨੀ ’ਚ ਪਟਾਕਿਆਂ ਦੇ ਉਤਪਾਦਨ, ਵਿਕਰੀ ਅਤੇ ਇਸਤੇਮਾਲ ’ਤੇ ਸੋਮਵਾਰ ਪਹਿਲੀ ਜਨਵਰੀ ਤੱਕ ਲਈ ਰੋਕ ਲਗਾ ਦਿੱਤੀ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾਸਰਦੀਆਂ ਦੇ ਮੌਸਮ ’ਚ ਪਟਾਕੇ ਜਲਾਉਣ ਨਾਲ ਪ੍ਰਦੂਸ਼ਣ ਹੋਰ ਵਧ ਜਾਂਦਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਪਿਛਲੇ ਸਾਲ ਵਾਂਗ ਅਸੀਂ ਸਾਰੇ ਤਰ੍ਹਾਂ ਦੇ ਪਟਾਕਿਆਂ ਦੇ ਉਤਪਾਦਨ, ਭੰਡਾਰਨ, ਵਿਕਰੀ ਅਤੇ ਇਸਤੇਮਾਲ ’ਤੇ ਪੂਰਨ ਪਾਬੰਦੀ ਲਗਾ ਰਹੇ ਹਨ, ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਦੀ ਆਨਲਾਈਨ ਵਿਕਰੀ ਤੇ ਸਪਲਾਈ ’ਤੇ ਵੀ ਪੂਰਨ ਪਾਬੰਦੀ ਹੋਵੇਗੀ।


