ਇੰਫਾਲ ’ਚ ਰਾਜ ਭਵਨ ’ਤੇ ਪਥਰਾਅ

0
140

ਇੰਫਾਲ : ਮਨੀਪੁਰ ਦੇ ਰਾਜਪਾਲ ਤੇ ਡੀ ਜੀ ਪੀ ਦੇ ਅਸਤੀਫੇ ਦੀ ਮੰਗ ਕਰ ਰਹੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸੋਮਵਾਰ ਹਿੰਸਕ ਹੋ ਗਿਆ, ਜਦੋਂ ਸੈਂਕੜੇ ਵਿਦਿਆਰਥੀਆਂ ਨੇ ਰਾਜ ਭਵਨ ਦੇ ਮੇਨ ਗੇਟ ’ਤੇ ਪੱਥਰ ਸੁੱਟੇ। ਸੁਰੱਖਿਆ ਕਰਮੀ ਜਾਨ ਬਚਾ ਕੇ ਭੱਜਦੇ ਨਜ਼ਰ ਆਏ। ਹਮਲੇ ਵਿਚ 20 ਲੋਕ ਜ਼ਖਮੀ ਹੋ ਗਏ।
ਵਿਦਿਆਰਥੀ ਹਿੰਸਕ ਘਟਨਾਵਾਂ ਵਿਚ ਵਾਧੇ ਤੇ ਵਿਗੜਦੀ ਅਮਨ-ਕਾਨੂੰਨ ਦੀ ਹਾਲਤ ਖਿਲਾਫ 8 ਸਤੰਬਰ ਤੋਂ ਸੜਕਾਂ ’ਤੇ ਹਨ। ਐਤਵਾਰ ਕਿਸ਼ਮਪਟ ਦੇ ਟਿਡਿਮ ਰੋਡ ’ਤੇ ਤਿੰਨ ਕਿੱਲੋਮੀਟਰ ਤੱਕ ਮਾਰਚ ਦੇ ਬਾਅਦ ਉਹ ਰਾਜ ਭਵਨ ਤੇ ਮੁੱਖ ਮੰਤਰੀ ਨਿਵਾਸ ਤੱਕ ਪੁੱਜ ਗਏ। ਪੁਲਸ ਤੇ ਸੁਰੱਖਿਆ ਬਲਾਂ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਿਆ। ਹੰਝੂ ਗੈਸ ਦੇ ਗੋਲੇ ਵੀ ਦਾਗੇ। ਪ੍ਰਦਰਸ਼ਨਕਾਰੀ ਸੜਕ ’ਤੇ ਬੈਠ ਕੇ ਨਾਅਰੇ ਲਾਉਦੇ ਰਹੇ। ਉਨ੍ਹਾਂ ਕਿਹਾਡਰੋਨ ਹਮਲੇ ਰੋਕਣ ਵਿਚ ਸਰਕਾਰ ਤੇ ਪੁਲਸ ਨਾਕਾਮ ਰਹੀਆਂ ਹਨ। ਰਾਜਪਾਲ, ਡੀ ਜੀ ਪੀ, ਸੁਰੱਖਿਆ ਸਲਾਹਕਾਰ ਤੇ 50 ਵਿਧਾਇਕ ਅਸਤੀਫੇ ਦੇਣ।
ਮਨੀਪੁਰ ’ਚ ਮਈ 2023 ਤੋਂ ਕੁੱਕੀ ਤੇ ਮੈਤੇਈ ਭਾਈਚਾਰਿਆਂ ਵਿਚਾਲੇ ਹਿੰਸਾ ਜਾਰੀ ਹੈ। ਇਕ ਹਫਤੇ ਤੋਂ ਇਸ ਵਿਚ ਕਾਫੀ ਵਾਧਾ ਹੋਇਆ ਹੈ। ਇਸ ਦੌਰਾਨ 8 ਲੋਕ ਮਾਰੇ ਜਾ ਚੁੱਕੇ ਹਨ। ਡਰੋਨ ਹਮਲਿਆਂ ਵਿਚ ਵੀ ਦੋ ਲੋਕ ਮਾਰੇ ਗਏ। ਪਿਛਲੇ ਸਾਲ ਤਿੰਨ ਮਈ ਤੋਂ ਜਾਰੀ ਹਿੰਸਾ ਵਿਚ 230 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ 11 ਹਜ਼ਾਰ ਤੋਂ ਵੱਧ ਜ਼ਖਮੀ ਹੋ ਚੁੱਕੇ ਹਨ। 65 ਹਜ਼ਾਰ ਲੋਕ ਬੇਘਰ ਹੋ ਚੁੱਕੇ ਹਨ।
ਮਨੀਪੁਰ ਦੇ ਆਈ ਜੀ (ਇੰਟੈਲੀਜੈਂਸ) ਕੇ. ਕਬੀਬ ਨੇ ਕਿਹਾ ਹੈ ਕਿ ਪੁਲਸ ਨੇ ਮਜ਼ਬੂਤ ਐਂਟੀ-ਡਰੋਨ ਸਿਸਟਮ ਤਾਇਨਾਤ ਕੀਤਾ ਹੈ। ਪੁਲਸ ਲਈ ਨਵੇਂ ਹਥਿਆਰ ਖਰੀਦੇ ਜਾ ਰਹੇ ਹਨ। ਆਰਮੀ ਹੈਲੀਕਾਪਟਰ ਨਾਲ ਪੈਟਰੋਲਿੰਗ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਬੀਰੇਨ ਸਿੰਘ ਨੇ ਰਾਜਪਾਲ ਲਕਸ਼ਮਣ ਆਚਾਰੀਆ ਨੂੰ ਅੱਠ ਸੂਤਰੀ ਮੰਗ-ਪੱਤਰ ਦੇ ਕੇ ਮੰਗ ਕੀਤੀ ਹੈ ਕਿ ਰਾਜ ਸਰਕਾਰ ਨੂੰ ਹੋਰ ਸ਼ਕਤੀਆਂ ਦਿੱਤੀਆਂ ਜਾਣ। ਕੁੱਕੀ ਖਾੜਕੂਆਂ ਖਿਲਾਫ ਅਪ੍ਰੇਸ਼ਨ ਮੁਅੱਤਲ ਕਰਨ ਦਾ ਸਮਝੌਤਾ ਰੱਦ ਕੀਤਾ ਜਾਵੇ, ਤਾਂ ਕਿ ਸੁਰੱਖਿਆ ਬਲ ਕੁੱਕੀ ਖਾੜਕੂਆਂ ਖਿਲਾਫ ਕਾਰਵਾਈ ਕਰ ਸਕਣ।
ਮਨੀਪੁਰ ਦੀ ਆਬਾਦੀ ਕਰੀਬ 38 ਲੱਖ ਹੈ। ਇੱਥੇ ਤਿੰਨ ਪ੍ਰਮੁੱਖ ਭਾਈਚਾਰੇ-ਮੈਤੇਈ, ਨਾਗਾ ਤੇ ਕੁੱਕੀ ਹਨ। ਮੈਤੇਈ ਜ਼ਿਆਦਾਤਰ ਹਿੰਦੂ ਹਨ। ਨਾਗਾ-ਕੁੱਕੀ ਈਸਾਈ ਧਰਮ ਨੂੰ ਮੰਨਦੇ ਹਨ ਤੇ ਅਨੁਸੂਚਿਤ ਕਬੀਲੇ ਹਨ। ਇਨ੍ਹਾਂ ਦੀ ਆਬਾਦੀ ਕਰੀਬ 50 ਫੀਸਦੀ ਹੈ। ਰਾਜ ਦੇ ਕਰੀਬ 10 ਫੀਸਦੀ ਇਲਾਕੇ ਵਿਚ ਫੈਲੀ ਇੰਫਾਲ ਵਾਦੀ ’ਚ ਮੈਤੇਈ ਬਹੁਗਿਣਤੀ ਵਿਚ ਹਨ। ਨਾਗਾ-ਕੁੱਕੀ ਰਾਜ ਦੇ ਕਰੀਬ 90 ਫੀਸਦੀ ਇਲਾਕੇ ਵਿਚ ਰਹਿੰਦੇ ਹਨ।
ਮੈਤੇਈ ਭਾਈਚਾਰੇ ਦੀ ਮੰਗ ਹੈ ਕਿ ਉਨ੍ਹਾਂ ਨੂੰ ਵੀ ਅਨੁਸੂਚਿਤ ਕਬੀਲੇ ਦਾ ਦਰਜਾ ਦਿੱਤਾ ਜਾਵੇ। ਉਸ ਨੇ ਹਾਈ ਕੋਰਟ ਵਿਚ ਪਟੀਸ਼ਨ ਕਰਕੇ ਕਿਹਾ ਸੀ ਕਿ 1949 ਵਿਚ ਮਨੀਪੁਰ ਦਾ ਭਾਰਤ ਨਾਲ ਰਲੇਵਾਂ ਹੋਇਆ ਸੀ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਮਿਲਿਆ ਹੋਇਆ ਸੀ। ਇਸ ਦੇ ਬਾਅਦ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਸਿਫਾਰਸ਼ ਕੀਤੀ ਕਿ ਮੈਤੇਈ ਨੂੰ ਅਨੁਸੂਚਿਤ ਕਬੀਲਾ ਐਲਾਨਿਆ ਜਾਵੇ। ਮੈਤੇਈ ਕਹਿੰਦੇ ਹਨ ਕਿ ਵਰ੍ਹਿਆਂ ਪਹਿਲੇ ਉਨ੍ਹਾਂ ਦੇ ਰਾਜਿਆਂ ਨੇ ਕੁੱਕੀਆਂ ਨੂੰ ਜੰਗ ਲੜਨ ਲਈ ਸੱਦਿਆ ਸੀ। ਉਸ ਦੇ ਬਾਅਦ ਉਹ ਸਥਾਈ ਨਿਵਾਸੀ ਹੋ ਗਏ। ਇਨ੍ਹਾਂ ਰੁਜ਼ਗਾਰ ਲਈ ਜੰਗਲ ਕੱਟੇ ਤੇ ਅਫੀਮ ਦੀ ਖੇਤੀ ਕਰਨ ਲੱਗੇ। ਇਸ ਨਾਲ ਮਨੀਪੁਰ ਡਰੱਗ ਤਸਕਰੀ ਦੀ ਤਿਕੋਣ ਬਣ ਗਿਆ ਹੈ। ਕੁੱਕੀਆਂ ਤੇ ਨਾਗਿਆਂ ਦਾ ਕਹਿਣਾ ਹੈ ਕਿ ਰਾਜ ਦੀਆਂ 60 ਵਿੱਚੋਂ 40 ਅਸੰਬਲੀ ਸੀਟਾਂਪਹਿਲਾਂ ਹੀ ਮੈਤੇਈ ਬਹੁਗਿਣਤੀ ਵਾਲੀ ਇੰਫਾਲ ਵਾਦੀ ਵਿਚ ਹਨ। ਇਨ੍ਹਾਂ ਨੂੰ ਅਨੁਸੂਚਿਤ ਕਬੀਲਾ ਮੰਨ ਕੇ ਰਿਜ਼ਰਵੇਸ਼ਨ ਦੇਣ ਤੋਂ ਬਾਅਦ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਦੱਬ ਲੈਣਗੇ। ਉਹ ਨੌਕਰੀਆਂ ’ਤੇ ਹੋਰ ਕਬਜ਼ੇ ਕਰ ਲੈਣਗੇ ਅਤੇ ਪਹਾੜਾਂ ਤੱਕ ਫੈਲ ਜਾਣਗੇ। ਇਸ ਨਾਲ ਉਨ੍ਹਾਂ ਦੀ ਹੋਂਦ ਖਤਰੇ ਵਿਚ ਪੈ ਜਾਵੇਗੀ। ਮਨੀਪੁਰ ਦੇ 60 ਵਿੱਚੋਂ 40 ਵਿਧਾਇਕ ਮੈਤੇਈ ਅਤੇ 20 ਵਿਧਾਇਕ ਨਾਗਾ-ਕੁੱਕੀ ਦੇ ਹਨ। ਹੁਣ ਤੱਕ 12 ਵਿੱਚੋਂ ਦੋ ਮੁੱਖ ਮੰਤਰੀ ਹੀ ਨਾਗਾ-ਕੁੱਕੀ ਦੇ ਰਹੇ ਹਨ।

LEAVE A REPLY

Please enter your comment!
Please enter your name here