ਵਾਸ਼ਿੰਗਟਨ : ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ’ਚ ਲੱਖਾਂ ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ। ਉਨ੍ਹਾ ਮਹਾਭਾਰਤ ਦੇ ਏਕਲਵਿਆ ਦੀ ਪੁਰਾਣੀ ਕਥਾ ਦਾ ਜ਼ਿਕਰ ਵੀ ਕੀਤਾ, ਜਿਸ ਨੇ ਆਪਣੇ ਗੁਰੂ ਦੇ ਕਹਿਣ ’ਤੇ ਆਪਣਾ ਅੰਗੂਠਾ ਕੱਟ ਕੇ ਉਨ੍ਹਾ ਨੂੰ ਦੇ ਦਿੱਤਾ ਸੀ।
ਰਾਹੁਲ ਨੇ ਐਤਵਾਰ ਟੈਕਸਾਸ ਸੂਬੇ ਦੇ ਡੱਲਾਸ ’ਚ ਟੈਕਸਾਸ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ’ਚ ਹੁਨਰ ਦੀ ਕੋਈ ਘਾਟ ਨਹੀਂ ਹੈ, ਬਲਕਿ ਉੱਥੇ ਹੁਨਰਮੰਦ ਲੋਕਾਂ ਲਈ ਸਨਮਾਨ ਨਹੀਂ ਹੈ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਕਾਂਗਰਸ ਦੇ ਅਧਿਕਾਰਤ ਖਾਤੇ ’ਤੇ ਰਾਹੁਲ ਗਾਂਧੀ ਦੇ ਹਵਾਲੇ ਨਾਲ ਪੋਸਟ ਕੀਤਾ ਗਿਆਕੀ ਤੁਸੀਂ ਏਕਲਵਿਆ ਦੀ ਕਹਾਣੀ ਸੁਣੀ ਹੈ? ਭਾਰਤ ’ਚ ਜੋ ਕੁਝ ਹੋ ਰਿਹਾ ਹੈ, ਜੇ ਤੁਸੀਂ ਇਸ ਨੂੰ ਸਮਝਣਾ ਚਾਹੁੰਦੇ ਹੋ ਤਾਂ ਉੱਥੇ ਲੱਖਾਂ, ਕਰੋੜਾਂ ਏਕਲਵਿਆ ਦੀਆਂ ਕਹਾਣੀਆਂ ਹਰ ਰੋਜ਼ ਸਾਹਮਣੇ ਆਉਂਦੀਆਂ ਹਨ। ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਕੰਮ ਕਰਨ ਜਾਂ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਇਹ ਹਰ ਜਗ੍ਹਾ ਹੋ ਰਿਹਾ ਹੈ। ਰਾਹੁਲ ਅਮਰੀਕਾ ਦੇ ਚਾਰ ਰੋਜ਼ਾ ਗੈਰਰਸਮੀ ਦੌਰੇ ’ਤੇ ਹਨ। ਇਸ ਦੌਰਾਨ ਉਹ ਭਾਰਤੀ ਮੂਲ ਦੇ ਲੋਕਾਂ ਤੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ। ਇਸੇ ਦੌਰਾਨ ਰਾਹੁਲ ਗਾਂਧੀ ਨੇ ਟੈਕਸਾਸ ’ਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਰਾਜਨੀਤੀ ’ਚ ਪਿਆਰ, ਸਨਮਾਨ ਅਤੇ ਨਿਮਰਤਾ ਦੀ ਘਾਟ ਹੈ ਅਤੇ ਉਨ੍ਹਾ ਨੇ ਆਰ ਐੱਸ ਐੱਸ ਦੀ ਇਸ ਗੱਲੋਂ ਆਲੋਚਨਾ ਕੀਤੀ ਕਿ ਭਾਰਤ ‘ਇਕ ਵਿਚਾਰ’ ਹੈ। ਉਨ੍ਹਾ ਕਿਹਾਆਰ ਐੱਸ ਐੱਸ ਮੰਨਦਾ ਹੈ ਕਿ ਭਾਰਤ ਇਕ ਵਿਚਾਰ ਹੈ। ਅਸੀਂ ਮੰਨਦੇ ਹਾਂ ਕਿ ਭਾਰਤ ਵਿਚਾਰਾਂ ਦੇ ਵਖਰੇਵਿਆਂ ਵਾਲਾ ਦੇਸ਼ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਅਮਰੀਕਾ ’ਚ ਗਾਂਧੀ ਪਰਵਾਰ ਦੇ ਸਿਆਸੀ ਸਲਾਹਕਾਰ ਸੈਮ ਪਿਤਰੋਦਾ ਨੇ ਰਾਹੁਲ ਗਾਂਧੀ ਦੀ ਤਾਰੀਫ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪੱਪੂ ਨਹੀਂ। ਉਹ ਕਿਸੇ ਵੀ ਵਿਸ਼ੇ ’ਤੇ ਡੂੰਘੀ ਸੋਚ ਰੱਖਣ ਵਾਲਾ ਰਣਨੀਤੀਕਾਰ ਹੈ। ਰਾਹੁਲ ਬਹੁਤ ਸਮਝਦਾਰ ਅਤੇ ਪੜ੍ਹਿਆ-ਲਿਖਿਆ ਹੈ। ਭਾਜਪਾ ਵੀ ਉਸ ਦੀ ਸਮਝ ਅਤੇ ਸੋਚ ਨੂੰ ਤੋੜ ਨਹੀਂ ਸਕੀ। ਰਾਹੁਲ ਗਾਂਧੀ ਦਾ ਏਜੰਡਾ ਕੁਝ ਵੱਡੇ ਮੁੱਦਿਆਂ ਨੂੰ ਹੱਲ ਕਰਨਾ ਹੈ। ਭਾਜਪਾ ਨੇ ਰਾਹੁਲ ਨੂੰ ਬਦਨਾਮ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ, ਪਰ ਕੁਝ ਨਹੀਂ ਹੋਇਆ।



