ਚੰਡੀਗੜ੍ਹ (ਕਿ੍ਰਸ਼ਨ ਗਰਗ)-ਹਰਿਆਣਾ ਦੇ ਮੁੱਖ ਸਕੱਤਰ ਡਾ. ਟੀ ਵੀ ਐੱਸ ਐੱਨ ਪ੍ਰਸਾਦ ਨੇ ਮੰਗਲਵਾਰ ਹਰਿਆਣਾ ਵਿਧਾਨ ਸਭਾ ਦੇ ਆਮ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਗੁਆਂਢੀ ਸੂਬਿਆਂ ਨਾਲ ਚੋਣ ਨੂੰ ਲੈ ਕੇ ਇੰਟਰ-ਸਟੇਟ ਬੋਰਡ ’ਤੇ ਤਾਲਮੇਲ ਲਈ ਬੁਲਾਈ ਗਈ ਮੀਟਿੰਗ ਦੌਰਾਨ ਰਾਜ ਵਿਚ ਵਿਆਪਕ ਚੋਣ ਤਿਆਰੀਆਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਜਾਣਕਾਰੀ ਦਿੱਤੀ।ਡਾ. ਪ੍ਰਸਾਦ ਨੇ ਦੱਸਿਆ ਕਿ ਚੋਣ ਐਲਾਨ ਦੇ ਬਾਅਦ ਤੋਂ ਹੁਣ ਤੱਕ ਸੂਬੇ ਵਿਚ ਕੁੱਲ 14 ਕਰੋੜ ਰੁਪਏ ਦੀ ਨਜਾਇਜ਼ ਸ਼ਰਾਬ, ਨਸ਼ੀਲੇ ਪਦਾਰਥ, ਨਗਦੀ ਤੇ ਕੀਮਤੀ ਵਸਤੂਆਂ ਜ਼ਬਤ ਕੀਤੀਆਂ ਗਈਆਂ ਹਨ। ਜ਼ਬਤ ਕੀਤੇ ਗਏ ਸਮਾਨ ਵਿਚ 10.45 ਲੱਖ ਰੁਪਏ ਦੀ ਨਗਦੀ, 2.44 ਲੱਖ ਲੀਟਰ ਸ਼ਰਾਬ, 436.55 ਲੱਖ ਰੁਪਏ ਦੀ 2,079 ਕਿਲੋ ਡਰੱਗਜ਼, 30.5 ਕਿਲੋ ਕੀਮਤੀ ਧਾਤੂ ਅਤੇ 134.98 ਲੱਖ ਰੁਪਏ ਮੁੱਲ ਦਾ ਹੋਰ ਕੀਮਤੀ ਸਮਾਨ ਸ਼ਾਮਲ ਹੈ।
ਇੰਜੀਨੀਅਰ ਰਾਸ਼ਿਦ ਦੀ ਅੰਤਰਮ ਜ਼ਮਾਨਤ
ਨਵੀਂ ਦਿੱਲੀ : ਦਿੱਲੀ ਦੇ ਐਡੀਸ਼ਨਲ ਸੈਸ਼ਨ ਜੱਜ ਚੰਦਰ ਜੀਤ ਸਿੰਘ ਨੇ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਸ਼ੇਖ ਅਬਦੁਲ ਰਾਸ਼ਿਦ (ਇੰਜੀਨੀਅਰ ਰਾਸ਼ਿਦ) ਨੂੰ ਦਹਿਸ਼ਤੀ ਫੰਡਿੰਗ ਮਾਮਲੇ ’ਚ ਮੰਗਲਵਾਰ ਦੋ ਅਕਤੂਬਰ ਤੱਕ ਅੰਤਰਮ ਜ਼ਮਾਨਤ ਦੇ ਦਿੱਤੀ, ਤਾਂ ਕਿ ਉਹ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਕਰ ਸਕੇ। ਰਾਸ਼ਿਦ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਬਾਰਾਮੂਲਾ ਹਲਕੇ ਵਿਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਸੀ।


