ਨਵੀਂ ਦਿੱਲੀ : ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੂਰੀ ਦੀ ਹਾਲਤ ਨਾਜ਼ੁਕ ਹੈ ਅਤੇ ਏਮਜ਼ ’ਚ ਉਨ੍ਹਾ ਨੂੰ ਮਸ਼ੀਨਾਂ ਦੀ ਮਦਦ ਨਾਲ ਸਾਹ ਦਿਵਾਇਆ ਜਾ ਰਿਹਾ ਹੈ। ਪਾਰਟੀ ਨੇ ਦੱਸਿਆ ਹੈ ਕਿ 72 ਸਾਲਾ ਯੇਚੂਰੀ ਦਾ ਸਾਹ ਦੀ ਨਲੀ ਦੀ ਲਾਗ ਦਾ ਇਲਾਜ ਕੀਤਾ ਜਾ ਰਿਹਾ ਹੈ। ਯੇਚੂਰੀ ਨੂੰ ਨਿਮੋਨੀਆ ਵਰਗੀ ਛਾਤੀ ਦੀ ਲਾਗ ਦੇ ਇਲਾਜ ਲਈ 19 ਅਗਸਤ ਨੂੰ ਭਰਤੀ ਕੀਤਾ ਗਿਆ ਸੀ।
ਮਾਲ ਗੱਡੀ ਉਲਟਾਉਣ ਦੀ ਕੋਸ਼ਿਸ਼
ਜੈਪੁਰ : ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ’ਚ ਵੈਸਟਰਨ ਡੈਡੀਕੇਟਿਡ ਫਰੇਟ ਕੌਰੀਡੋਰ ’ਤੇ ਸੀਮਿੰਟ ਦੇ ਬਲਾਕ ਰੱਖ ਕੇ ਇਕ ਮਾਲ ਗੱਡੀ ਨੂੰ ਪਟੜੀ ਤੋਂ ਲਾਹੁਣ ਦੀ ਕੋਸ਼ਿਸ਼ ਕੀਤੀ ਗਈ। ਉੱਤਰ-ਪੱਛਮੀ ਰੇਲਵੇ ਦੇ ਅਧਿਕਾਰੀ ਨੇ ਦੱਸਿਆਕੁਝ ਬਦਮਾਸ਼ਾਂ ਨੇ ਐਤਵਾਰ ਵੈਸਟਰਨ ਡੈਡੀਕੇਟਿਡ ਫਰੇਟ ਕੌਰੀਡੋਰ ’ਚ ਫੁਲੇਰਾ-ਅਹਿਮਦਾਬਾਦ ਟਰੈਕ ’ਤੇ ਸਰਧਨਾ ਤੇ ਬਾਂਗੜ ਸਟੇਸ਼ਨਾਂ ਵਿਚਾਲੇ ਪਟੜੀ ’ਤੇ ਸੀਮਿੰਟ ਦੇ ਦੋ ਬਲਾਕ ਰੱਖ ਦਿੱਤੇ, ਜਿਨ੍ਹਾਂ ਨੂੰ ਇਕ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ, ਪਰ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ।
ਮਲਬੇ ’ਚੋਂ 4 ਹੋਰ ਸ਼ਰਧਾਲੂਆਂ ਦੀਆਂ ਲਾਸ਼ਾਂ ਬਰਾਮਦ
ਰੁਦਰਪ੍ਰਯਾਗ (ਉੱਤਰਾਖੰਡ) : ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ ਕੌਮੀ ਰਾਜਮਾਰਗ ’ਤੇ ਢਿੱਗਾਂ ਖਿਸਕਣ ਕਾਰਨ ਜਮ੍ਹਾਂ ਹੋਏ ਮਲਬੇ ’ਚੋਂ ਮੰਗਲਵਾਰ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ ਇਸ ਨਾਲ ਮਿ੍ਰਤਕਾਂ ਦੀ ਗਿਣਤੀ ਪੰਜ ਹੋ ਗਈ ਹੈ। ਸੋਮਵਾਰ ਰਾਤ ਖਰਾਬ ਮੌਸਮ, ਬਰਫਬਾਰੀ, ਹਨੇਰੇ ਅਤੇ ਪੱਥਰ ਡਿੱਗਣ ਕਾਰਨ ਰੋਕੇ ਗਏ ਬਚਾਅ ਅਤੇ ਰਾਹਤ ਕਾਰਜਾਂ ਨੂੰ ਸਵੇਰੇ ਫਿਰ ਤੋਂ ਸ਼ੁਰੂ ਕੀਤਾ ਗਿਆ, ਇਸ ਦੌਰਾਨ ਤਿੰਨ ਔਰਤਾਂ ਸਮੇਤ ਚਾਰ ਹੋਰ ਸ਼ਰਧਾਲੂਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਸੋਨਪ੍ਰਯਾਗ ਅਤੇ ਗੌਰੀਕੁੰਡ ਵਿਚਕਾਰ ਮੁਨਕਟੀਆ ਨੇੜੇ ਸੋਮਵਾਰ ਦੇਰ ਸ਼ਾਮ ਢਿੱਗਾਂ ਖਿਸਕਣ ਕਾਰਨ ਮਲਬੇ ਵਿਚ ਹੋਰ ਲੋਕਾਂ ਦੇ ਦੱਬੇ ਹੋਣ ਦਾ ਵੀ ਖਦਸ਼ਾ ਹੈ।
ਆਪ ਦੇ 9 ਹੋਰ ਉਮੀਦਵਾਰ
ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਹਲਕਾ ਸਢੌਰਾ ਤੋਂ ਰੀਟਾ ਬਾਮਨੀਆ, ਥਾਨੇਸਰ ਤੋਂ ਕਿ੍ਰਸ਼ਨ ਬਜਾਜ, ਇੰਦਰੀ ਤੋਂ ਹਵਾ ਸਿੰਘ, ਰਤੀਆ ਤੋਂ ਮੁਖਤਿਆਰ ਸਿੰਘ ਬਾਜ਼ੀਗਰ, ਆਦਮਪੁਰ ਤੋਂ ਐਡਵੋਕੇਟ ਭੁਪੇਂਦਰ ਬੈਨੀਵਾਲ, ਬਰਵਾਲਾ ਤੋਂ ਪ੍ਰੋਫੈਸਰ ਛਤਰਪਾਲ ਸਿੰਘ, ਬਾਵਲ ਤੋਂ ਜਵਾਹਰ ਲਾਲ, ਫਰੀਦਾਬਾਦ ਤੋਂ ਪ੍ਰਵੇਸ਼ ਮਹਿਤਾ ਅਤੇ ਤਿਗਾਓਂ ਤੋਂ ਅਬਾਸ਼ ਚੰਦੇਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਨੇ 90 ਸੀਟਾਂ ਵਿੱਚੋਂ 29 ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।


