ਨਵੀਂ ਦਿੱਲੀ : ਸੁਪਰੀਮ ਕੋਰਟ ’ਚ ਮੰਗਲਵਾਰ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਭਾਰਤ ’ਚ ‘ਓਵਰ ਦਿ ਟੌਪ’ (ਓ ਟੀ ਟੀ) ਅਤੇ ਹੋਰ ਡਿਜੀਟਲ ਪਲੇਟਫਾਰਮਾਂ ’ਤੇ ਸਮਗਰੀ ਦੀ ਨਿਗਰਾਨੀ ਤੇ ਰੈਗੂਲੇਟ ਕਰਨ ਲਈ ਇਕ ਖੁਦਮੁਖਤਿਆਰ ਇਕਾਈ ਗਠਿਤ ਕਰਨ ਸੰਬੰਧੀ ਕੇਂਦਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ’ਚ ‘ਨੈੱਟਫਲਿਕਸ’ ਉੱਤੇ ਪ੍ਰਸਾਰਤ ਕੀਤੀ ਜਾ ਰਹੀ ਵੈੱਬ ਲੜੀ ‘ਆਈ ਸੀ 814: ਦਿ ਕੰਧਾਰ ਹਾਈਜੈਕ’ ਦਾ ਜ਼ਿਕਰ ਵੀ ਕੀਤਾ ਗਿਆ ਹੈ, ਤਾਂ ਜੋ ਇਕ ਰੈਗੂਲੇਟਰੀ ਤੰਤਰ ਦੀ ਲੋੜ ਨੂੰ ਉਜਾਗਰ ਕੀਤਾ ਜਾ ਸਕੇ, ਕਿਉਂਕਿ ਓ ਟੀ ਟੀ ਪਲੇਟਫਾਰਮ ਦਾ ਦਾਅਵਾ ਹੈ ਕਿ ਇਹ ਲੜੀ ਅਸਲ ਜੀਵਨ ਦੀਆਂ ਘਟਨਾਵਾਂ ’ਤੇ ਆਧਾਰਤ ਹੈ।
ਵਕੀਲ ਸ਼ਸ਼ਾਂਕ ਸ਼ੇਖਰ ਝਾਅ ਅਤੇ ਅਪੂਰਵਾ ਅਰਹਤੀਆ ਵੱਲੋਂ ਦਾਇਰ ਇਸ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਲੜੀ ’ਚ ਜੋ ਕੁਝ ਦਿਖਾਇਆ ਗਿਆ ਹੈ, ਉਹ ਇਤਿਹਾਸ ਨੂੰ ਮੁੜ ਤੋਂ ਲਿਖਣ, ਅਸਲ ਅਗਵਾਕਾਰਾਂ ਵੱਲੋਂ ਕੀਤੇ ਗਏ ਦਹਿਸ਼ਤੀ ਕਾਰੇ ਨੂੰ ਘੱਟ ਕਰ ਕੇ ਦਿਖਾਉਣ ਅਤੇ ਉਨ੍ਹਾਂ ਦੇ ਕਾਰਿਆਂ ਦਾ ਗੁਣਗਾਨ ਕਰਨ ਦੀ ਇਕ ਘਿਨੌਣੀ ਕੋਸ਼ਿਸ਼ ਹੈ।


