ਕੇਵੜੀਆ : ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਇਕ ਵਿਅਕਤੀ ਨੇ ਪੋਸਟ ਪਾ ਕੇ ਦਾਅਵਾ ਕੀਤਾ ਸੀ ਕਿ ਗੁਜਰਾਤ ਵਿਚ ਸਟੈਚੂ ਆਫ ਯੂਨਿਟੀ ’ਚ ਤਰੇੜਾਂ ਆ ਗਈਆਂ ਹਨ ਤੇ ਇਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲੇ ਨੂੰ ਝੂਠਾ ਪਾਇਆ ਤੇ ਅਫਵਾਹ ਫੈਲਾਉਣ ਵਾਲੇ ਖਿਲਾਫ ਕੇਸ ਦਰਜ ਕਰ ਲਿਆ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਵਜੋਂ ਉਨ੍ਹਾ ਦੀ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਚ 182 ਮੀਟਰ ਉੱਚੀ ਮੂਰਤੀ ਬਣਾਈ ਗਈ ਹੈ, ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਇਸ ਮੂਰਤੀ ਦੇ ਡਿੱਗਣ ਬਾਰੇ ਪੋਸਟ ਇਸ ਵੇਲੇ ਉਪਲੱਬਧ ਨਹੀਂ ਹੈ, ਕਿਉਂਕਿ ਐੱਕਸ ਦੇ ਯੂਜ਼ਰ ਨੇ ਇਸ ਨੂੰ ਡਿਲੀਟ ਕਰ ਦਿੱਤਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਆਮ ਲੋਕਾਂ ’ਚ ਡਰ ਪੈਦਾ ਕਰਨ ਲਈ ਝੂਠੀ ਜਾਣਕਾਰੀ ਤੇ ਅਫਵਾਹ ਫੈਲਾਉਣ ਵਾਲੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।


