ਹੁਲੁਨਬੂਈਰ (ਚੀਨ) : ਪਿਛਲੇ ਚੈਂਪੀਅਨ ਭਾਰਤ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸ਼ਨੀਵਾਰ ਹੀਰੋ ਏਸ਼ੀਆਈ ਚੈਂਪੀਅਨਜ਼ ਟਰਾਫੀ ’ਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਛੇ ਟੀਮਾਂ ਦੇ ਰਾਊਂਡ ਰੌਬਿਨ ਟੂਰਨਾਮੈਂਟ ’ਚ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ।
ਪਾਕਿਸਤਾਨ ਨੇ ਅਹਿਮਦ ਨਦੀਮ ਵੱਲੋਂ ਅੱਠਵੇਂ ਮਿੰਟ ’ਚ ਕੀਤੇ ਗਏ ਗੋਲ ਨਾਲ ਬੜ੍ਹਤ ਹਾਸਲ ਕੀਤੀ, ਪਰ ਹਰਮਨਪ੍ਰੀਤ ਸਿੰਘ ਨੇ 13ਵੇਂ ਤੇ 19ਵੇਂ ਮਿੰਟ ’ਚ ਦੋ ਪੈਨਲਟੀ ਕਾਰਨਰ ਗੋਲ ’ਚ ਬਦਲ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਮੈਚ ਤੋਂ ਪਹਿਲਾਂ ਹੀ ਭਾਰਤ ਤੇ ਪਾਕਿਸਤਾਨ ਨੇ ਉਤਲੀਆਂ ਚਾਰ ਟੀਮਾਂ ਵਿਚ ਰਹਿ ਕੇ 16 ਸਤੰਬਰ ਨੂੰ ਹੋਣ ਵਾਲੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ। ਫਾਈਨਲ ਮੁਕਾਬਲਾ 17 ਸਤੰਬਰ ਨੂੰ ਹੋਵੇਗਾ। ਪਾਕਿਸਤਾਨ ਨੇ ਇਸ ਮੈਚ ਤੋਂ ਪਹਿਲਾਂ 2 ਮੈਚ ਜਿੱਤੇ ਤੇ 2 ਬਰਾਬਰ ਰੱਖੇ। ਪਾਕਿਸਤਾਨ ਦਾ ਪ੍ਰਦਰਸ਼ਨ ਇਸ ਪੱਖੋਂ ਚੰਗਾ ਰਿਹਾ ਹੈ ਕਿ ਉਹ ਪਿਛਲੇ ਤਿੰਨ ਉਲੰਪਿਕ ਟੂਰਨਾਮੈਂਟ ਨਹੀਂ ਖੇਡ ਸਕਿਆ।



