ਜੰਮੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕਿਹਾ ਕਿ ਜੰਮੂ-ਕਸ਼ਮੀਰ ’ਚ ਦਹਿਸ਼ਤਗਰਦੀ ਆਖਰੀ ਸਾਹ ਲੈ ਰਹੀ ਹੈ ਅਤੇ ਉਨ੍ਹਾ ਦੀ ਸਰਕਾਰ ਨੇ ਇਸ ਸੁੰਦਰ ਖੇਤਰ ਨੂੰ ਨਸ਼ਟ ਕਰਨ ਵਾਲੀ ਵੰਸ਼ਵਾਦੀ ਰਾਜਨੀਤੀ ਦਾ ਮੁਕਾਬਲਾ ਕਰਨ ਲਈ ਇਕ ਨਵੀਂ ਲੀਡਰਸ਼ਿਪ ਪੇਸ਼ ਕੀਤੀ ਹੈ।
ਡੋਡਾ ਜ਼ਿਲ੍ਹੇ ’ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾਅਸੀਂ ਅਤੇ ਤੁਸੀਂ ਮਿਲ ਕੇ ਜੰਮੂ-ਕਸ਼ਮੀਰ ਨੂੰ ਦੇਸ਼ ਦਾ ਇਕ ਸੁਰੱਖਿਅਤ ਤੇ ਖੁਸ਼ਹਾਲ ਹਿੱਸਾ ਬਣਾਵਾਂਗੇ। ਵਿਧਾਨ ਸਭਾ ਦੇ ਪਹਿਲੇ ਗੇੜ ਤਹਿਤ 18 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਚੋਣ ਰੈਲੀ ਸੀ। ਪ੍ਰਧਾਨ ਮੰਤਰੀ ਨੇ ਕਿਹਾਆਜ਼ਾਦੀ ਤੋਂ ਬਾਅਦ ਜੰਮੂ-ਕਸ਼ਮੀਰ ਵਿਦੇਸ਼ੀ ਤਾਕਤਾਂ ਦੇ ਨਿਸ਼ਾਨੇ ’ਤੇ ਆ ਗਿਆ ਅਤੇ ਕਾਂਗਰਸ, ਨੈਸ਼ਨਲ ਕਾਨਫਰੰਸ ਤੇ ਪੀ ਡੀ ਪੀ ਦੀ ਵੰਸ਼ਵਾਦੀ ਰਾਜਨੀਤੀ ਨੇ ਇਸ ਸੋਹਣੇ ਖੇਤਰ ਨੂੰ ਅੰਦਰ ਤੋਂ ਖੋਖਲਾ ਕਰ ਦਿੱਤਾ। ਰਾਜਨੀਤਕ ਵੰਸ਼ਵਾਦੀਆਂ ਨੇ ਆਪਣੇ ਬੱਚਿਆਂ ਨੂੰ ਅੱਗੇ ਵਧਾਇਆ ਅਤੇ ਨਵੀਂ ਲੀਡਰਸ਼ਿਪ ਨੂੰ ਉਭਰਨ ਨਹੀਂ ਦਿੱਤਾ। 2014 ’ਚ ਕੇਂਦਰ ’ਚ ਸੱਤਾ ’ਚ ਆਉਣ ਤੋਂ ਤੁਰੰਤ ਬਾਅਦ ਅਸੀਂ ਨੌਜਵਾਨ ਲੀਡਰਸ਼ਿਪ ਨੂੰ ਉਭਾਰਨ ’ਤੇ ਧਿਆਨ ਕੇਂਦਰਤ ਕੀਤਾ। ਮੋਦੀ ਨੇ ਕੁਰੁਕਸ਼ੇਤਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਰਿਆਣਾ ਵਾਸੀਆਂ ਨੂੰ ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਦਿਆਂ ਉਨ੍ਹਾ 100 ਦਿਨਾਂ ਵਿਚ ਵੱਡੇ ਫੈਸਲੇ ਲੈਣ ਦਾ ਵਾਅਦਾ ਕੀਤਾ ਸੀ। ਅਜੇ 100 ਦਿਨ ਪੂਰੇ ਨਹੀਂ ਹੋਏ ਤੇ 15 ਲੱਖ ਕਰੋੜ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਚੁੱਕੇ ਹਨ। ਗਰੀਬਾਂ ਪਰਵਾਰਾਂ ਲਈ ਤਿੰਨ ਕਰੋੜ ਪੱਕੇ ਮਕਾਨ ਮਨਜ਼ੂਰ ਕੀਤੇ ਜਾ ਚੁੱਕੇ ਹਨ। ਉਨ੍ਹਾ ਕਿਹਾ ਕਿ ਹਿਮਾਚਲ ਵਿਚ ਝੂਠੇ ਵਾਅਦੇ ਕਰਕੇ ਕਾਂਗਰਸ ਸੱਤਾ ’ਚ ਆਈ ਤੇ ਹੁਣ ਉੱਥੇ ਮੁਲਾਜ਼ਮ ਤਨਖਾਹ ਲਈ ਹੜਤਾਲ ਕਰ ਰਹੇ ਹਨ।



