ਵੈਸਟ ਪਾਮ ਬੀਚ (ਅਮਰੀਕਾ) : ਅਮਰੀਕੀ ਜਾਂਚ ਏਜੰਸੀ ਐੱਫ ਬੀ ਆਈ ਨੇ ਕਿਹਾ ਹੈ ਕਿ ਐਤਵਾਰ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਫਲੋਰਿਡਾ ਦੇ ਵੈਸਟ ਪਾਮ ਬੀਚ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੋਲਫ ਕਲੱਬ ਵਿਚ ਉਨ੍ਹਾ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਇੱਕ ਬੰਦੂਕਧਾਰੀ ਨੇ 13 ਜੁਲਾਈ ਨੂੰ ਰੈਲੀ ਦੌਰਾਨ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਸੀ।
ਟਰੰਪ ਜਿੱਥੇ ਗੋਲਫ ਖੇਡ ਰਹੇ ਸਨ, ਉੱਥੋਂ ਕੁੱਝ ਦੂਰੀ ’ਤੇ ਲੁਕ ਕੇ ਬੈਠੇ ਅਮਰੀਕੀ ਸੀਕਰੇਟ ਸਰਵਿਸ ਦੇ ਏਜੰਟ ਨੂੰ 400 ਗਜ਼ ਦੀ ਦੂਰੀ ’ਤੇ ਝਾੜੀਆਂ ਵਿਚ ਇੱਕ ਏ ਕੇ ਸ਼ੈਲੀ ਰਾਈਫਲ ਦੀ ਨਾਲੀ ਨਜ਼ਰ ਆਈ, ਜਿਸ ’ਤੇ ਏਜੰਟ ਵੱਲੋਂ ਗੋਲੀ ਚਲਾਉਣ ’ਤੇ ਬੰਦੂਕਧਾਰੀ ਰਾਈਫਲ ਛੱਡ ਕੇ ਫਰਾਰ ਹੋ ਗਿਆ, ਪਰ ਬਾਅਦ ਵਿਚ ਅਧਿਕਾਰੀ ਨੇ ਉਸ ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਦੋ ਬੈਗ, ਨਿਸ਼ਾਨਾ ਲਗਾਉਣ ਲਈ ਵਰਤੀ ਜਾਣ ਵਾਲੀ ਦੂਰਬੀਨ ਅਤੇ ਕੈਮਰਾ ਵੀ ਮਿਲੇ ਹਨ। ਇਸ ਘਟਨਾ ਤੋਂ ਬਾਅਦ ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾਮੈਂ ਠੀਕ ਹਾਂ ਅਤੇ ਮੈਨੂੰ ਕੋਈ ਚੀਜ਼ ਨਹੀਂ ਰੋਕ ਸਕਦੀ।
ਅਧਿਕਾਰੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀ ਦਾ ਨਾਂਅ ਰਿਆਨ ਰੂਥ (58) ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ੱਕੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਉਹ ਟਰੰਪ ਦਾ ਕੱਟੜ ਆਲੋਚਕ ਹੈ। ਉਹ ਰੂਸ-ਯੂਕਰੇਨ ਯੁੱਧ ’ਚ ਯੂਕਰੇਨ ਦਾ ਸਮਰਥਨ ਕਰਦਾ ਹੈ ਤੇ ਯੂਕਰੇਨ ਦੇ ਹੱਕ ਵਿਚ ਜੰਗ ’ਚ ਹਿੱਸਾ ਲੈਣਾ ਚਾਹੁੰਦਾ ਸੀ। ਉਹ ਮੂਲ ਰੂਪ ’ਚ ਹਵਾਈ ਤੋਂ ਹੈ ਤੇ ਕੈਂਪ ਬਾਕਸ ਹੋਨੋਲੂਲੂ ਨਾਮਕ ਸ਼ੈੱਡ ਬਣਾਉਣ ਵਾਲੀ ਕੰਪਨੀ ਚਲਾਉਂਦਾ ਹੈ। ਰੂਥ ਨੇ ਉੱਤਰੀ ਕੈਰੋਲੀਨਾ ਐਗਰੀਕਲਚਰਲ ਐਂਡ ਟੈਕਨੀਕਲ ਸਟੇਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਰਾਸ਼ਟਰਪਤੀ ਦੀ ਚੋਣ ਲਈ ਰਿਪਬਲੀਕਨ ਉਮੀਦਵਾਰੀ ਦੀ ਦੌੜ ਵੇਲੇ ਉਹ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਅਤੇ ਨਿੱਕੀ ਹੈਲੀ ਦਾ ਸਮਰਥਨ ਕਰ ਰਿਹਾ ਸੀ, ਹਾਲਾਂਕਿ ਬਾਅਦ ’ਚ ਦੋਵਾਂ ਨੇ ਚੋਣਾਂ ਤੋਂ ਦੂਰੀ ਬਣਾ ਲਈ ਸੀ।



