ਸੋਨੀਪਤ : ਨੇੜਲੇ ਪਿੰਡ ਰਿਢਾਊ ਵਿਚ ਸ਼ਨੀਵਾਰ ਸਵੇਰੇ ਨਾਜਾਇਜ਼ ਪਟਾਕਾ ਫੈਕਟਰੀ ’ਚ ਧਮਾਕੇ ਨਾਲ ਇਮਾਰਤ ਢਹਿ ਗਈ, ਜਿਸ ਦੇ ਨਤੀਜੇ ਵਜੋਂ ਇਕ ਬੱਚੇ ਤੇ ਦੋ ਮਹਿਲਾਵਾਂ ਦੀ ਮੌਤ ਹੋ ਗਈ ਅਤੇ 9 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਬਹੁਤੀਆਂ ਮਹਿਲਾਵਾਂ ਹਨ। ਧਮਾਕੇ ਵੇਲੇ ਮਜ਼ਦੂਰ ਤੇ ਪਰਵਾਰ ਦੇ ਲੋਕ ਮੌਜੂਦ ਸਨ। ਜ਼ਖਮੀਆਂ ’ਚ ਫਰਮਾਨ (26), ਉਸ ਦੀ ਪਤਨੀ ਯਾਸਮੀਨ (23), ਇਕਰਾ (22), ਸਿਦਰਾ (18), ਆਸਰਾ (21), ਆਸੀ (28) ਅਤੇ ਅੰਜਲੀ (27) ਸ਼ਾਮਲ ਹਨ। ਪੁਲਸ ਨੇ ਮਕਾਨ ਮਾਲਕ ਵੇਦ ਪ੍ਰਕਾਸ਼ ਨੂੰ ਗਿ੍ਰਫਤਾਰ ਕਰ ਲਿਆ ਹੈ। ਜ਼ਖਮੀ ਹੋਣ ਵਾਲੀ ਅੰਜਲੀ ਉਸ ਦੀ ਹੀ ਬੇਟੀ ਹੈ।
2 ਦਹਿਸ਼ਤਗਰਦ ਹਲਾਕ, ਪੁਲਸ ਅਫਸਰ ਤੇ 4 ਜਵਾਨ ਜ਼ਖਮੀ
ਕੁਲਗਾਮ : ਆਦਿਗਾਮ ਦੇਵਸਰ ਇਲਾਕੇ ’ਚ ਸ਼ਨੀਵਾਰ ਸਵੇਰੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 2 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਏ ਐੱਸ ਪੀ ਤੇ ਫੌਜ ਦੇ 4 ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਐਡੀਸ਼ਨਲ ਐੱਸ ਪੀ ਮੁਮਤਾਜ਼ ਅਲੀ ਭੱਟੀ, ਸਿਪਾਹੀ ਮੋਹਨ ਸ਼ਰਮਾ, ਸੋਹਨ ਕੁਮਾਰ, ਯੋਗਿੰਦਰ ਤੇ ਮੁਹੰਮਦ ਇਸਰਾਨ ਵਜੋਂ ਹੋਈ ਹੈ।
ਪ੍ਰੇਮ ਵਿਆਹ ਕਰਾਉਣ ਵਾਲੇ ਦਾ ਕਤਲ
ਲਹਿਰਾਗਾਗਾ : ਨੇੜਲੇ ਪਿੰਡ ਭਾਈ ਕੀ ਪਿਸ਼ੌਰ ਵਿਚ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਗੁਰਦੀਪ ਸਿੰਘ ਉਰਫ ਘੋਗੜ (27) ਨੂੰ ਕੁੜੀ ਦੇ ਪਿਓ ਵੱਲੋਂ ਕਥਿਤ ਤੌਰ ’ਤੇ ਅਣਖ ਲਈ ਕਤਲ ਕਰ ਦਿੱਤਾ। ਮਿ੍ਰਤਕ ਦੇ ਭਰਾ ਮਨਜੀਤ ਸਿੰਘ ਪੁੱਤਰ ਹਰਨੈਬ ਸਿੰਘ ਨੇ ਲਹਿਰਾਗਾਗਾ ਪੁਲਸ ਨੂੰ ਦੱਸਿਆ ਕਿ ਗੁਰਦੀਪ ਸਿੰਘ ਨੇ ਕਰੀਬ 3 ਸਾਲ ਪਹਿਲਾਂ ਗੁਰਜੰਟ ਸਿੰਘ ਦੀ ਕੁੜੀ ਰਜਨੀ ਕੌਰ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਸ਼ੁੱਕਰਵਾਰ ਸ਼ਾਮ ਉਹ ਗੁਰਦੀਪ ਸਿੰਘ ਨਾਲ ਠੇਕੇ ਤੋਂ ਸ਼ਰਾਬ ਲੈਣ ਗਿਆ ਸੀ ਤਾਂ ਠੇਕੇ ਕੋਲ ਗੁਰਜੰਟ ਸਿੰਘ ਬੈਠਾ ਸ਼ਰਾਬ ਪੀ ਰਿਹਾ ਸੀ ਅਤੇ ਉਸ ਦੇ ਨਾਲ ਦੋ/ਤਿੰਨ ਹੋਰ ਨਾਮਲੂਮ ਵਿਅਕਤੀ ਵੀ ਬੈਠੇ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਮਾਰੂ ਹਥਿਆਰ ਸਨ। ਗੁਰਜੰਟ ਸਿੰਘ ਨੇ ਲਲਕਾਰੇ ਮਾਰਦਿਆਂ ਗੁਰਦੀਪ ਸਿੰਘ ਦੇ ਸਿਰ ਵਿਚ ਕੁਹਾੜੀ ਮਾਰ ਦਿੱਤੀ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਵੀ ਕੀਤੀ। ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਜ਼ੇਰੇ ਦਫਾ 103, 3 (5) 191 (3) ਬੀ ਐੱਨ ਐੱਸ ਤਹਿਤ ਗੁਰਜੰਟ ਸਿੰਘ ਸਮੇਤ ਨਾਮਾਲੂਮ ਦੋ-ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।