ਮੁੰਬਈ : ਅਦਾਕਾਰ ਗੋਵਿੰਦਾ ਦੀ ਰਿਵਾਲਵਰ ਤੋਂ ਮੰਗਲਵਾਰ ਤੜਕੇ ਗੋਲੀ ਚੱਲ ਗਈ, ਜਿਹੜੀ ਉਨ੍ਹਾ ਦੀ ਲੱਤ ਵਿਚ ਲੱਗੀ। ਗੋਵਿੰਦਾ ਉਦੋਂ ਆਪਣੀ ਰਿਹਾਇਸ਼ ਤੋਂ ਮੁੰਬਈ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੇ ਸਨ। ਬਾਅਦ ਵਿਚ ਗੋਵਿੰਦਾ (60) ਨੇ ਆਪਣੇ ਪ੍ਰਸੰਸਕਾਂ ਲਈ ਇਕ ਬਿਆਨ ’ਚ ਕਿਹਾ ਕਿ ਡਾਕਟਰਾਂ ਨੇ ਗੋਲੀ ਕੱਢ ਦਿੱਤੀ ਹੈ ਅਤੇ ਉਹ ‘ਆਪਣੇ ਪ੍ਰਸੰਸਕਾਂ ਦੇ ਪਿਆਰ ਤੇ ਦੁਆਵਾਂ ਸਦਕਾ’ ਬਿਲਕੁਲ ਠੀਕ ਹਨ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ ਕਿ ਗੋਵਿੰਦਾ ਤੜਕੇ ਕਰੀਬ ਪੌਣੇ ਪੰਜ ਵਜੇ ਹਵਾਈ ਅੱਡੇ ਲਈ ਰਵਾਨਾ ਹੋਣ ਹੀ ਵਾਲੇ ਸਨ, ਜਿੱਥੋਂ ਉਨ੍ਹਾਂ ਸਵੇਰੇ 6 ਵਜੇ ਕੋਲਕਾਤਾ ’ਚ ਇਕ ਸ਼ੋਅ ਵਾਸਤੇ ਜਾਣ ਲਈ ਉਡਾਣ ਫੜਨੀ ਸੀ। ਉਹ ਆਪਣੀ ਰਿਵਾਲਵਰ ਨੂੰ ਸੰਭਾਲ ਰਹੇ ਸਨ ਤਾਂ ਗਲਤੀ ਨਾਲ ਉਸ ਦਾ ਘੋੜਾ ਦੱਬਿਆ ਗਿਆ ਤੇ ਗੋਲੀ ਚੱਲ ਗਈ।