ਵੋ ਜੋ ਤਾਰੀਗਾਮ ਵਾਲਾ…

0
154

ਸ੍ਰੀਨਗਰ : ਮਾਰਕਸੀ ਪਾਰਟੀ ਦੇ ਕੱਦਾਵਰ ਆਗੂ ਮੁਹੰਮਦ ਯੂਨਸ ਤਾਰੀਗਾਮੀ ਨੇ ਜਮਾਇਤੇ ਇਸਲਾਮੀ ਦੀ ਹਮਾਇਤ ਹਾਸਲ ਸੱਯਾਰ ਅਹਿਮਦ ਰੇਸ਼ੀ ਨੂੰ 7838 ਵੋਟਾਂ ਨਾਲ ਹਰਾ ਕੇ ਕੁਲਗਾਮ ਸੀਟ ਲਗਾਤਾਰ ਪੰਜਵੀਂ ਵਾਰ ਜਿੱਤ ਲਈ। ਰੇਸ਼ੀ ਨੇ ਐਲਾਨਿਆ ਸੀ ਕਿ ਜੇ ਉਹ ਹਾਰ ਗਿਆ ਤਾਂ ਇਸਲਾਮ ਦੀ ਹਾਰ ਹੋਵੇਗੀ। ਤਾਰੀਗਾਮੀ ਦੀ ਲੋਕਾਂ ਵਿਚ ਮਕਬੂਲੀਅਤ ਨੇ ਮੁਸਲਮ ਬਹੁਗਿਣਤੀ ਵਾਲੇ ਕੁਲਗਾਮ ਹਲਕੇ ਵਿਚ ਇਕ ਫਿਰਕੇ ਦੀ ਕਤਾਰਬੰਦੀ ਨਹੀਂ ਹੋਣ ਦਿੱਤੀ। ਜਿੱਤ ਤੋਂ ਬਾਅਦ ਤਾਰੀਗਾਮੀ ਨੇ ਕਿਹਾਮੈਂ ਕੁਲਗਾਮ ਦੇ ਲੋਕਾਂ ਨੂੰ ਸਲੂਟ ਕਰਦਾ ਹਾਂ। ਉਹ ਕੁਲਗਾਮ ਲਈ, ਕਸ਼ਮੀਰ ਲਈ, ਕਸ਼ਮੀਰ ਦੇ ਲੋਕਾਂ ਦੇ ਹੱਕਾਂ ਲਈ ਲੜੇ ਅਤੇ ਸਰਕਾਰ ਨਾਲ ਸਾਜ਼ਬਾਜ਼ ਕਰਨ ਵਾਲਿਆਂ ਨੂੰ ਹਰਾ ਦਿੱਤਾ। ਪੀ ਡੀ ਪੀ ਉਮੀਦਵਾਰ ਮੁਹੰਮਦ ਅਮੀਨ ਡਾਰ ਤੀਜੇ ਨੰਬਰ ’ਤੇ ਰਿਹਾ। ਤਾਰੀਗਾਮੀ ਇਸ ਤੋਂ ਪਹਿਲਾਂ 1996, 2002, 2008 ਤੇ 2014 ਵਿਚ ਜੇਤੂ ਰਹੇ ਸਨ। ਤਾਰੀਗਾਮੀ ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ ਦੇ ਕਨਵੀਨਰ ਤੇ ਮਾਰਕਸੀ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਹਨ। ਉਹ ਚਾਵਲਗਾਮ ਦੇ ਅਬਦੁਲ ਕਬੀਰ ਵਾਨੀ ਦੇ ਪ੍ਰਭਾਵ ਹੇਠ ਕਮਿਊਨਿਸਟ ਬਣੇ। ਉਨ੍ਹਾ 1967 ਵਿਚ ਆਪਣੇ ਦੋਸਤ ਗੁਲਾਮ ਨਬੀ ਮਲਿਕ ਨਾਲ ਮਿਲ ਕੇ ਅਨੰਤਨਾਗ ਡਿਗਰੀ ਕਾਲਜ ਦੀ ਸਮਰੱਥਾ ਵਧਾਉਣ ਲਈ ਅੰਦੋਲਨ ਕੀਤਾ। ਉਹ 1967 ਵਿਚ ਚੌਲਾਂ ਦੀ ਧੱਕੇ ਨਾਲ ਖਰੀਦ ਖਿਲਾਫ ਕਿਸਾਨ ਅੰਦੋਲਨ ਦੌਰਾਨ ਜੇਲ੍ਹ ਗਏ। 1975 ਵਿਚ ਇੰਦਰਾ-ਸ਼ੇਖ ਸਮਝੌਤੇ ਤਹਿਤ ਜੰਮੂ-ਕਸ਼ਮੀਰ ਨੂੰ ਭਾਰਤੀ ਸੰਘ ਦਾ ਹਿੱਸਾ ਬਣਾਉਣ ਤੋਂ ਬਾਅਦ ਉਨ੍ਹਾ ਸਵੈਨਿਰਣੇ ਦੇ ਹੱਕ ਦੀ ਵਕਾਲਤ ਕੀਤੀ ਤੇ ਜੇਲ੍ਹ ਗਏ। ਜੇਲ੍ਹ ਵਿਚ ਹੁੰਦਿਆਂ ਉਨ੍ਹਾ ਨੂੰ ਪਤਨੀ ਦਾ ਵਿਛੋੜਾ ਸਹਿਣਾ ਪਿਆ। ਉਨ੍ਹਾ ਦੇ ਨਾਂਅ ਨਾਲ ਤਾਰੀਗਾਮੀ ਲੱਗਣ ਦਾ ਵੀ ਦਿਲਚਸਪ ਕਿੱਸਾ ਹੈ। ਇਕ ਪ੍ਰੈੱਸ ਬ੍ਰੀਫਿੰਗ ਵੇਲੇ ਪੱਤਰਕਾਰ ਨੇ ਮੁੱਖ ਮੰਤਰੀ ਸ਼ੇਖ ਅਬਦੁੱਲਾ ਤੋਂ ਮੁਹੰਮਦ ਯੂਨਸ ਦੀ ਗਿ੍ਰਫਤਾਰੀ ਬਾਰੇ ਪੁੱਛਿਆ ਤਾਂ ਸ਼ੇਖ ਸਾਹਿਬ ਨੇ ਕਿਹਾਵੋ ਜੋ ਤਾਰੀਗਾਮ ਵਾਲਾ। ਉਸ ਤੋਂ ਬਾਅਦ ਉਹ ਆਪਣੇ ਪਿੰਡ ਤਾਰੀਗਾਮ ਦੇ ਨਾਂਅ ਨਾਲ ਮੁਹੰਮਦ ਯੂਸਫ ਤਾਰੀਗਾਮੀ ਵਜੋਂ ਮਸ਼ਹੂਰ ਹੋ ਗਏ।