ਦਿੱਲੀ ’ਚ ਆਪ ’ਕੱਲੀ ਲੜੇਗੀ

0
139

ਨਵੀਂ ਦਿੱਲੀ : ਆਮ ਆਦਮੀ ਪਾਰਟੀ ਆਉਣ ਵਾਲੀਆਂ ਦਿੱਲੀ ਅਸੰਬਲੀ ਚੋਣਾਂ ’ਚ ਇਕੱਲਿਆਂ ਮੈਦਾਨ ਵਿਚ ਉੱਤਰੇਗੀ। ਪਾਰਟੀ ਦੀ ਤਰਜਮਾਨ ਪਿ੍ਰਅੰਕਾ ਕੱਕੜ ਨੇ ਕਿਹਾਦਿੱਲੀ ’ਚ ‘ਆਪ’ ਇਕੱਲੇ ਹੀ ਚੋਣ ਲੜੇਗੀ, ਅਸੀਂ ਇਕੱਲੇ ਹੀ ਜ਼ਿਆਦਾ ਆਤਮ-ਵਿਸ਼ਵਾਸ ਵਾਲੀ ਕਾਂਗਰਸ ਅਤੇ ਹੰਕਾਰੀ ਭਾਜਪਾ ਨਾਲ ਲੜਨ ਦੇ ਸਮਰੱਥ ਹਾਂ।
ਉਸ ਨੇ ਕਾਂਗਰਸ ’ਤੇ ਦੋਸ਼ ਲਗਾਇਆ ਕਿ ਉਹ ਹਰਿਆਣਾ ਵਿਚ ਗੱਠਜੋੜ ਦੇ ਭਾਈਵਾਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਸੀ, ਅਖੀਰ ਇਸ ਦੇ ਜ਼ਿਆਦਾ ਆਤਮ-ਵਿਸ਼ਵਾਸ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਦਿੱਲੀ ਅਸੰਬਲੀ ’ਚ ਕਾਂਗਰਸ ਕੋਲ ਜ਼ੀਰੋ ਸੀਟਾਂ ਹਨ, ਫਿਰ ਵੀ ‘ਆਪ’ ਨੇ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਤਿੰਨ ਸੀਟਾਂ ਦਿੱਤੀਆਂ, ਪਰ ਉਸਨੇ ਹਰਿਆਣਾ ’ਚ ਸਹਿਯੋਗੀਆਂ ਨੂੰ ਨਾਲ ਲੈਣਾ ਜ਼ਰੂਰੀ ਨਹੀਂ ਸਮਝਿਆ।
ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ‘ਆਪ’ ਅਤੇ ਕਾਂਗਰਸ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦਾਂ ਕਾਰਨ ਚੋਣਾਂ ਤੋਂ ਪਹਿਲਾਂ ਗੱਠਜੋੜ ਬਣਾਉਣ ’ਚ ਅਸਫਲ ਰਹੇ। ‘ਆਪ’ ਨੇ ਹਰਿਆਣਾ ਵਿਚ ਲੜੀਆਂ ਸਾਰੀਆਂ ਸੀਟਾਂ ਗੁਆ ਦਿੱਤੀਆਂ ਤੇ ਕਾਂਗਰਸ ਬਹੁਮਤ ਦੇ ਅੰਕੜੇ ਤੋਂ ਬਹੁਤ ਘਟ ਗਈ, ਜਿਸ ਨਾਲ ਸੱਤਾਧਾਰੀ ਭਾਜਪਾ ਲਈ ਲਗਾਤਾਰ ਤੀਜੀ ਵਾਰ ਵਾਪਸੀ ਦਾ ਰਾਹ ਬਣ ਗਿਆ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੋਣ ਨਤੀਜਿਆਂ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਚੋਣਾਂ ’ਚ ਕਦੇ ਵੀ ਲੋੜੋਂ ਵੱਧ ਆਤਮਵਿਸ਼ਵਾਸੀ ਨਹੀਂ ਹੋਣਾ ਚਾਹੀਦਾ। ਕੇਜਰੀਵਾਲ ਨੇ ‘ਆਪ’ ਦੇ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ-ਦੇਖੋ, ਹਰਿਆਣਾ ’ਚ ਚੋਣਾਂ ਦੇ ਨਤੀਜੇ ਕੀ ਕਹਿੰਦੇ ਹਨ। ਸਭ ਤੋਂ ਵੱਡਾ ਸਬਕ ਇਹੀ ਹੈ ਕਿ ਕਿਸੇ ਵੀ ਚੋਣ ’ਚ ਲੋੜੋਂ ਵੱਧ ਆਤਮਵਿਸ਼ਵਾਸੀ ਨਹੀਂ ਹੋਣਾ ਚਾਹੀਦਾ। ਕਿਸੇ ਵੀ ਚੋਣ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ। ਹਰੇਕ ਚੋਣ ਤੇ ਹਰੇਕ ਸੀਟ ਮੁਸ਼ਕਲ ਹੁੰਦੀ ਹੈ।
ਹਰਿਆਣਾ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦ ਕਰ ਕੇ ‘ਆਪ’ ਤੇ ਕਾਂਗਰਸ ਵਿਚਾਲੇ ਚੋਣਾਂ ਤੋਂ ਪਹਿਲਾਂ ਗੱਠਜੋੜ ਨਹੀਂ ਸੀ ਹੋ ਸਕਿਆ।