ਕਾਂਗਰਸ ਹਿੰਦੂ ਸਮਾਜ ’ਚ ਅੱਗ ਲਾਈ ਰੱਖਣਾ ਚਾਹੁੰਦੀ ਹੈ : ਮੋਦੀ

0
189

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਕਿਹਾ ਕਿ ਮੁਸਲਮਾਨਾਂ ਦੀ ਜਾਤੀ ਦੀ ਗੱਲ ਆਉਂਦੇ ਹੀ ਕਾਂਗਰਸ ਦੇ ਮੂੰਹ ’ਤੇ ਤਾਲਾ ਲੱਗ ਜਾਂਦਾ ਹੈ, ਪਰ ਹਿੰਦੂ ਸਮਾਜ ਦੀ ਗੱਲ ਆਉਂਦੇ ਹੀ ਉਹ ਚਰਚਾ ਜਾਤੀ ਤੋਂ ਹੀ ਸ਼ੁਰੂ ਕਰਦੀ ਹੈ, ਕਿਉਂਕਿ ਉਹ ਜਾਣਦੀ ਹੈ ਕਿ ਹਿੰਦੂ ਜਿੰਨਾ ਵੰਡਿਆ ਜਾਵੇਗਾ, ਓਨਾ ਹੀ ਕਾਂਗਰਸ ਦਾ ਫਾਇਦਾ ਹੋਵੇਗਾ।
ਉਨ੍ਹਾ ਮਹਾਰਾਸ਼ਟਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਤੇ ਸ਼ਹਿਰੀ ਨਕਸਲੀਆਂ ਦੀਆਂ ਨਫਰਤੀ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਸੂਬੇ ਦੇ ਲੋਕ ਵੀ ਹਰਿਆਣਾ ਵਾਲੇ ਰਾਹ ’ਤੇ ਤੁਰਨ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਕਿਸੇ ਵੀ ਤਰ੍ਹਾਂ ਹਿੰਦੂ ਸਮਾਜ ’ਚ ਅੱਗ ਲਾ ਕੇ ਰੱਖਣਾ ਚਾਹੁੰਦੀ ਹੈ ਅਤੇ ਭਾਰਤ ’ਚ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉਹ ਇਸੇ ਫਾਰਮੂਲੇ ਨੂੰ ਲਾਗੂ ਕਰਦੀ ਹੈ। ਮਹਾਰਾਸ਼ਟਰ ’ਚ 7600 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਸਮਾਜ ਨੂੰ ਤੋੜਨ ਦੀ ਇਸ ਕੋਸ਼ਿਸ਼ ਨੂੰ ਸੂਬੇ ਦੇ ਲੋਕ ਨਾਕਾਮ ਕਰਨਗੇ। ਉਨ੍ਹਾ ਇਸ ਸਰਕਾਰੀ ਪ੍ਰੋਗਰਾਮ ’ਚ ਮਹਾਰਾਸ਼ਟਰ ਦੇ ਲੋਕਾਂ ਨੂੰ ਦੇਸ਼ ਦੇ ਵਿਕਾਸ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਅਤੇ ਇਕਜੁੱਟ ਹੋ ਕੇ ਭਾਜਪਾ ਅਤੇ ਉਸ ਦੇ ਗੱਠਜੋੜ ਮਹਾਯੂਤੀ ਦੇ ਪੱਖ ’ਚ ਵੋਟ ਪਾਉਣ ਦੀ ਅਪੀਲ ਕੀਤੀ। ਹਰਿਆਣਾ ਦੇ ਚੋਣ ਨਤੀਜਿਆਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਅੱਜ ਦੇਸ਼ ਦਾ ਮਿਜਾਜ਼ ਕੀ ਹੈ। ਕਾਂਗਰਸ ਦਾ ਪੂਰਾ ਈਕੋ ਸਿਸਟਮ, ਅਰਬਨ ਨਕਸਲ ਦਾ ਪੂਰਾ ਗਰੋਹ ਲੋਕਾਂ ਨੂੰ ਗੁੰਮਰਾਹ ਕਰਨ ’ਚ ਲੱਗਿਆ ਸੀ, ਪਰ ਉਸ ਦੀਆਂ ਸਾਰੀਆਂ ਸਾਜ਼ਿਸ਼ਾਂ ਨਾਕਾਮ ਹੋ ਗਈਆਂ। ਉਨ੍ਹਾਂ ਦਲਿਤਾਂ ਵਿਚਾਲੇ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ, ਪਰ ਦਲਿਤ ਸਮਾਜ ਨੇ ਉਨ੍ਹਾਂ ਦੇ ਖਤਰਨਾਕ ਇਰਾਦਿਆਂ ਨੂੰ ਭਾਂਪ ਲਿਆ। ਦਲਿਤਾਂ ਨੂੰ ਅਹਿਸਾਸ ਹੋ ਗਿਆ ਕਿ ਕਾਂਗਰਸ ਉਨ੍ਹਾਂ ਦਾ ਰਾਖਵਾਂਕਰਨ ਖੋਹ ਕੇ ਆਪਣੇ ਵੋਟ ਬੈਂਕ ਨੂੰ ਵੰਡਣਾ ਚਾਹੁੰਦੀ ਹੈ।
ਉਨ੍ਹਾ ਕਿਹਾ ਕਿ ਹਰਿਆਣਾ ਦੇ ਦਲਿਤ ਵਰਗ ਨੇ ਭਾਜਪਾ ਦਾ ਰਿਕਾਰਡ ਸਮਰਥਨ ਕੀਤਾ ਤਾਂ ਹੋਰ ਪੱਛੜਾ ਵਰਗ ਨੇ ਵੀ ਭਰੋਸਾ ਪ੍ਰਗਟਾਇਆ। ਕਾਂਗਰਸ ਦੀ ਨੀਤੀ ਹੈ, ਹਿੰਦੂਆਂ ਦੀ ਇਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਾਓ।
ਉੱਧਰ, ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਲੇ ਨੂੰ ਲੈ ਕੇ ਉਨ੍ਹਾ ’ਤੇ ਮੋੜਵਾਂ ਹਮਲਾ ਕੀਤਾ ਅਤੇ ਦੋਸ਼ ਲਗਾਇਆ ਕਿ ਉਹ ਸਿਆਸੀ ਭਾਸ਼ਣ ਤੇ ਵਿਰੋਧੀ ਧਿਰ ’ਤੇ ਹਮਲਾ ਕਰਨ ਵਾਸਤੇ ਸਰਕਾਰੀ ਪ੍ਰੋਗਰਾਮ ਦਾ ਇਸਤੇਮਾਲ ਕਰਦੇ ਹਨ, ਜਦਕਿ ਇਸ ਲਈ ਉਹ ਭਾਜਪਾ ਦਾ ਪਲੇਟਫਾਰਮ ਦਾ ਇਸਤੇਮਾਲ ਕਰ ਸਕਦੇ ਹਨ। ਪਾਰਟੀ ਦੇ ਮੀਡੀਆ ਵਿੰਗ ਦੇ ਮੁਖੀ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਕਰਦਾਤਾਵਾਂ ਦੇ ਪੈਸੇ ਦਾ ਇਸਤੇਮਾਲ ਸਿਆਸੀ ਭਾਸ਼ਣ ਦੇਣ ਲਈ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਰਨਾ ਚਾਹੀਦਾ ਹੈ।