ਕਾਂਗਰਸ ਸਾਰਿਆਂ ਨੂੰ ਨਾਲ ਲੈ ਕੇ ਚੱਲੇ : ਰਾਜਾ

0
130

ਨਵੀਂ ਦਿੱਲੀ : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਨੂੰ ‘ਇੰਡੀਆ’ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਨੇ ਮਹਾਰਾਸ਼ਟਰ, ਝਾਰਖੰਡ ਤੇ ਦਿੱਲੀ ’ਚ ਅਗਲੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਚੋਣ ਰਣਨੀਤੀ ’ਤੇ ਪੁਨਰਵਿਚਾਰ ਕਰਨ ਦਾ ਮਸ਼ਵਰਾ ਦਿੱਤਾ ਹੈ। ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਕਾਂਗਰਸ ਹਰਿਆਣਾ ਦੇ ਚੋਣ ਨਤੀਜਿਆਂ ’ਤੇ ਗੰਭੀਰਤਾ ਨਾਲ ਆਤਮ ਚਿੰਤਨ ਕਰੇ ਅਤੇ ਮਹਾਰਾਸ਼ਟਰ ਤੇ ਝਾਰਖੰਡ ’ਚ ਆਗਾਮੀ ਚੋਣਾਂ ’ਚ ਵਿਰੋਧੀ ਗੱਠਜੋੜ ‘ਇੰਡੀਆ’ ਦੇ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲੇ।
ਇਸੇ ਤਰ੍ਹਾਂ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਕਾਂਗਰਸ ਨੂੰ ਹਰਿਆਣਾ ’ਚ ਆਪਣੀ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਆਤਮ ਚਿੰਤਨ ਕਰਨਾ ਚਾਹੀਦਾ ਹੈ। ਉੱਧਰ, ਸ਼ਿਵ ਸੈਨਾ (ਯੂ ਬੀ ਟੀ) ਦੀ ਆਗੂ ਪਿ੍ਰਯੰਕਾ ਚਤੁਰਵੇਦੀ ਨੇ ਕਿਹਾ ਕਿ ਹਰਿਆਣਾ ਚੋਣਾਂ ਦੇ ਨਤੀਜਿਆਂ ਦਾ ਮਹਾਰਾਸ਼ਟਰ ’ਚ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਉਨ੍ਹਾ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਾਂਗਰਸ ਆਪਣੀ ਚੋਣ ਰਣਨੀਤੀ ’ਤੇ ਮੁੜ ਤੋਂ ਵਿਚਾਰ ਕਰੇ, ਕਿਉਂਕਿ ਹਰਿਆਣਾ ’ਚ ਭਾਜਪਾ ਖਿਲਾਫ ਸਿੱਧੀ ਲੜਾਈ ’ਚ ਕਾਂਗਰਸ ਆਸ ਨਾਲੋਂ ਘੱਟ ਪ੍ਰਦਰਸ਼ਨ ਕਰ ਸਕੀ।