ਨਵੀਂ ਦਿੱਲੀ : ਲਾਓਸ ਦੇ ਵਿਏਨਟਿਏਨ ’ਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਈਰਾਨ ’ਤੇ ਇਜ਼ਰਾਈਲੀ ਹਮਲੇ ਨਾਲ ਖੇਤਰ ’ਚ ਤਣਾਅ ਵਧਣ ਦੀ ਸੰਭਾਵਨਾ ਹੈ ਤੇ ਜੇ ਈਰਾਨ ਦੇ ਨਾਗਰਿਕ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਈ ਧਮਕੀ ਦਿੱਤੀ ਗਈ ਤਾਂ ਇਸ ਨੂੰ ਕੌਮਾਂਤਰੀ ਭਾਈਚਾਰਾ ਉਕਸਾਉਣ ਦੀ ਗੰਭੀਰ ਕਾਰਵਾਈ ਦੇ ਤੌਰ ’ਤੇ ਦੇਖੇਗਾ।
ਉਨ੍ਹਾ ਕਿਹਾ ਕਿ ਮੌਜੂਦਾ ਤਣਾਅ ਦੇ ਬਾਵਜੂਦ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਫੌਜੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾਅਸੀਂ (ਰੂਸ) ਆਪਣਾ ਰੁਖ ਤੱਥਾਂ ’ਤੇ ਆਧਾਰਤ ਕਰਦੇ ਹਾਂ। ਹਰ ਦੇਸ਼ ’ਚ ਤੁਹਾਨੂੰ ਸਿਆਸਤਦਾਨ ਤੇ ਸੰਸਦ ਮੈਂਬਰ ਮਿਲ ਜਾਣਗੇ, ਜੋ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹਨ, ਪਰ ਇਹ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਦੇ ਵਿਚਾਰ ਦੇਸ਼ ਦੀ ਸਰਕਾਰ ਦੀਆਂ ਅਸਲ ਨੀਤੀਆਂ ਨਾਲ ਮੇਲ ਖਾਂਦੇ ਹੋਣ। ਅਸੀਂ ਪਹਿਲਾਂ ਵੀ ਇਹ ਪੈਟਰਨ ਦੇਖਿਆ ਹੈ। ਇਸੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਪਹਿਲੀ ਵਾਰ ਤੁਰਕਮੇਨਿਸਤਾਨ ਦੇ ਅਸਗਾਬਾਤ ’ਚ ਸ਼ੁੱਕਰਵਾਰ ਨੂੰ ਮਿਲੇ। ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ’ਤੇ ਵੀ ਚਰਚਾ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਡਰੋਨ ਤੇ ਹੋਰ ਰੱਖਿਆ ਉਤਪਾਦ ਨੂੰ ਲੈ ਕੇ 1.7 ਅਰਬ ਡਾਲਰ ਦਾ ਸਮਝੌਤਾ ਵੀ ਹੋਇਆ ਹੈ। ਪੁਤਿਨ ਨੇ ਖੁੱਲ੍ਹ ਕੇ ਈਰਾਨ ਦਾ ਸਮਰਥਨ ਕੀਤਾ ਤੇ ਇਜ਼ਰਾਈਲ ਨੂੰ ਚਿਤਾਵਨੀ ਦਿੰਦੇ ਹੋਏ ਕਿਹਾਈਰਾਨ ’ਤੇ ਹਮਲਾ ਨਾ ਕਰੀਂ।


