ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਪਤੀ ਨੂੰ ਹਿਜੜਾ ਕਹਿਣਾ ਮਾਨਸਕ ਅੱਤਿਆਚਾਰ ਕਰਨਾ ਹੈ। ਜਸਟਿਸ ਸੁਧੀਰ ਸਿੰਘ ਤੇ ਜਸਟਿਸ ਜਸਜੀਤ ਸਿੰਘ ਬੇਦੀ ਦੀ ਡਵੀਜ਼ਨਲ ਬੈਂਚ ਨੇ ਮੰਗਲਵਾਰ ਕਿਹਾ ਕਿ ਸੱਸ ਨੂੰ ਹਿਜੜਾ ਪੈਦਾ ਕਰਨ ਦਾ ਮਿਹਣਾ ਮਾਰਨਾ ਵੀ ਮਾਨਸਕ ਅੱਤਿਆਚਾਰ ਹੈ।
ਘਰੇਲੂ ਹਿੰਸਾ ਤੋਂ ਬਚਾਉਣ ਵਾਲੇ ਕਾਨੂੰਨ ਤਹਿਤ ਪਤਨੀ ਵੱਲੋਂ ਕੀਤੇ ਗਏ ਕੇਸ ਨੂੰ ਭਿਵਾਨੀ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਅੱਵਲ ਨੇ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਉਸ ਨਾਲ ਘਰੇਲੂ ਹਿੰਸਾ ਨਹੀਂ ਹੋਈ। ਫਾਜ਼ਲ ਜੱਜ ਨੇ ਫੈਮਿਲੀ ਕੋਰਟ ਦੀ ਇਸ ਰੂਲਿੰਗ ਨੂੰ ਸਹੀ ਪਾਇਆ ਸੀ ਕਿ ਜੋੜੇ ਵਿਚਾਲੇ ਵਿਆਹ ਵਾਲਾ ਰਿਸ਼ਤਾ ਇਕ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ।
ਹਾਈ ਕੋਰਟ ਦੀ ਬੈਂਚ ਨੇ ਕਿਹਾਸੁਪਰੀਮ ਕੋਰਟ ਦੇ ਫੈਸਲਿਆਂ ਦੀ ਰੌਸ਼ਨੀ ਵਿਚ ਫੈਮਿਲੀ ਕੋਰਟ ਦੀਆਂ ਲੱਭਤਾਂ ਦੇ ਰਿਕਾਰਡ ਨੂੰ ਵਾਚਦਿਆਂ ਪਤਨੀ ਦਾ ਵਤੀਰਾ ਮਾਨਸਕ ਅੱਤਿਆਚਾਰ ਕਰਨ ਵਾਲਾ ਰਿਹਾ। ਬੈਂਚ ਨੇ ਇਹ ਵੀ ਨੋਟ ਕੀਤਾ ਕਿ ਪਤਨੀ ਨੇ ਜ਼ੁਲਮ ਢਾਹੁਣ ਦਾ ਦੋਸ਼ ਲਾ ਕੇ ਅਕਤੂਬਰ 2018 ਵਿਚ ਪਤੀ ਖਿਲਾਫ ਫੌਜਦਾਰੀ ਸ਼ਿਕਾਇਤ ਦਿੱਤੀ ਸੀ। ਚਲਦੇ ਕੇਸ ਦਰਮਿਆਨ ਉਸ ਨੇ ਗੁਜ਼ਾਰਾ ਭੱਤੇ ਦੀਆਂ ਅਰਜ਼ੀਆਂ ਦੇ ਦਿੱਤੀਆਂ।
ਦਰਅਸਲ ਪਤੀ-ਪਤਨੀ ਪਿਛਲੇ ਛੇ ਸਾਲਾਂ ਤੋਂ ਅੱਡ ਰਹਿ ਰਹੇ ਸਨ। ਇਸ ਕਰਕੇ ਫੈਮਿਲੀ ਕੋਰਟ ਨੇ ਸਹੀ ਨਤੀਜਾ ਕੱਢਿਆ ਸੀ ਕਿ ਇਨ੍ਹਾਂ ਵਿਚਾਲੇ ਹੁਣ ਬਣਨੀ ਨਹੀਂ।
ਬੈਂਚ ਨੇ ਕਿਹਾ ਕਿ ਉਹ ਵੀ ਸਮਝਦੀ ਹੈ ਕਿ ਜੋੜੇ ਵਿਚਾਲੇ ਵਿਆਹ ਵਾਲੀ ਗੱਲ ਨਹੀਂ ਰਹੀ ਤੇ ਜ਼ੋਰ ਲਾਉਣ ਦਾ ਫਾਇਦਾ ਨਹੀਂ। ਫੈਮਿਲੀ ਕੋਰਟ ਦੀ ਰੂਲਿੰਗ ਸਹੀ ਸੀ।