ਸ਼ਾਹ ਨੂੰ ਲਪੇਟਣ ’ਤੇ ਭਾਰਤ ਵੱਲੋਂ ਕੈਨੇਡਾ ਕੋਲ ਕਰੜਾ ਪ੍ਰੋਟੈੱਸਟ

0
72

ਨਵੀਂ ਦਿੱਲੀ : ਭਾਰਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਦੋਸ਼ ਲਾਉਣ ’ਤੇ ਕੈਨੇਡਾ ਕੋਲ ਸਖਤ ਪ੍ਰੋਟੈੱਸਟ ਕਰਦਿਆਂ ਦੋਸ਼ਾਂ ਨੂੰ ਬੇਤੁਕੇ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਸ਼ੁੱਕਰਵਾਰ ਸੱਦ ਕੇ ਉਸ ਨੂੰ ਸਖਤ ਡਿਪਲੋਮੈਟਿਕ ਨੋਟ ਸੌਂਪਿਆ। ਕੈਨੇਡਾ ਦੇ ਉਪ ਮੰਤਰੀ ਡੈਵਿਡ ਮੋਰੀਸਨ ਨੇ 29 ਅਕਤੂਬਰ ਨੂੰ ਓਟਵਾ ਵਿੱਚ ਜਨਤਕ ਸਲਾਮਤੀ ਤੇ ਕੌਮੀ ਸੁਰੱਖਿਆ ਬਾਰੇ ਸਟੈਂਡਿੰਗ ਕਮੇਟੀ ਅੱਗੇ ਪੇਸ਼ ਹੋਣ ਵੇਲੇ ਸ਼ਾਹ ਬਾਰੇ ਗੱਲਾਂ ਕਹੀਆਂ ਸਨ। ਉਨ੍ਹਾ ਕਿਹਾ ਸੀ ਕਿ ਕੈਨੇਡੀਅਨ ਧਰਤੀ ’ਤੇ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਗੋਂਦਾਂ ਪਿੱਛੇ ਸ਼ਾਹ ਦਾ ਦਿਮਾਗ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾਭਾਰਤ ਸਰਕਾਰ ਨੇ ਇਨ੍ਹਾਂ ਬੇਬੁਨਿਆਦ ਦੋਸ਼ਾਂ ’ਤੇ ਸਖਤ ਲਹਿਜ਼ੇ ’ਚ ਪ੍ਰੋਟੈੱਸਟ ਦਰਜ ਕਰਾਇਆ ਹੈ। ਕੈਨੇਡਾ ਦੀਆਂ ਕਾਰਵਾਈਆਂ ਚਲੰਤ ਕੈਨੇਡੀਅਨ ਸਰਕਾਰ ਦੇ ਏਜੰਡੇ ਤੇ ਵਿਹਾਰ ਬਾਰੇ ਭਾਰਤੀ ਚਿੰਤਾਵਾਂ ਦੀ ਪੁਸ਼ਟੀ ਕਰਦੀਆਂ ਹਨ। ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਦਾ ਦੁਵੱਲੇ ਰਿਸ਼ਤਿਆਂ ’ਤੇ ਮਾੜਾ ਅਸਰ ਪਵੇਗਾ। ਭਾਰਤ ’ਤੇ ਕੈਨੇਡਾ ਦੀ ਸਾਈਬਰ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਦੇ ਦੋਸ਼ਾਂ ਬਾਰੇ ਜੈਸਵਾਲ ਨੇ ਕਿਹਾਇਹ ਬਿਨਾਂ ਸਬੂਤਾਂ ਦੇ ਭਾਰਤ ’ਤੇ ਹਮਲਾ ਕਰਨ ਦੀ ਕੈਨੇਡਾ ਦੀ ਰਣਨੀਤੀ ਦੀ ਇਕ ਹੋਰ ਮਿਸਾਲ ਜਾਪਦੀ ਹੈ।
ਭਾਰਤ ਨੇ ਕੈਨੇਡਾ ਵੱਲੋਂ ਭਾਰਤੀ ਅਧਿਕਾਰੀਆਂ ਦੀ ਆਡੀਓ ਤੇ ਵੀਡੀਓ ਨਿਗਰਾਨੀ ਕਰਨ ’ਤੇ ਵੀ ਪ੍ਰੋਟੈੱਸਟ ਕਰਦਿਆਂ ਇਸ ਨੂੰ ਡਿਪਲੋਮੈਟਿਕ ਰਵਾਇਤਾਂ ਦੀ ਸਰੀਹਨ ਉਲੰਘਣਾ ਕਰਾਰ ਦਿੱਤਾ ਹੈ। ਜੈਸਵਾਲ ਨੇ ਕਿਹਾਸਾਡੇ ਅਧਿਕਾਰੀਆਂ ਨੂੰ ਪਹਿਲਾਂ ਹੀ ਅੱਤਵਾਦ ਤੇ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੈਨੇਡਾ ਦੀਆਂ ਕਾਰਵਾਈਆਂ ਸਥਿਤੀ ਨੂੰ ਹੋਰ ਵਿਗਾੜ ਰਹੀਆਂ ਹਨ।