ਵਿਲਮਿੰਗਟਨ : ਅਮਰੀਕਾ ਵਿਚ ਐੱਫ ਬੀ ਆਈ ਦਫਤਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਹਥਿਆਰਬੰਦ ਵਿਅਕਤੀ ਨੂੰ ਪੁਲਸ ਨੇ ਇੱਕ ਘੰਟੇ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਇੱਕ ਪੇਂਡੂ ਖੇਤਰ ‘ਚ ਹਲਾਕ ਕਰ ਦਿੱਤਾ | ਓਹੀਓ ਸਟੇਟ ਹਾਈਵੇ ਪੈਟਰੋਲ ਨੇ ਇਹ ਜਾਣਕਾਰੀ ਦਿੱਤੀ | ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਅਧਿਕਾਰੀਆਂ ਨੇ ਫਲੋਰੀਡਾ ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਮਾਰ-ਏ-ਲਾਗੋ’ ਜਾਇਦਾਦ ‘ਤੇ ਛਾਪੇ ਮਾਰਨ ਮਗਰੋਂ ਫੈਡਰਲ ਏਜੰਟਾਂ ਦੇ ਖਿਲਾਫ ਖਤਰਿਆਂ ‘ਚ ਵਾਧੇ ਦੀ ਚੇਤਾਵਨੀ ਦਿੱਤੀ ਸੀ | ਇੱਕ ਅਧਿਕਾਰੀ ਮੁਤਾਬਕ ਮਾਰੇ ਗਏ ਸ਼ੱਕੀ ਵਿਅਕਤੀ ਦੀ ਪਛਾਣ ਰਿਕੀ ਸਿਫਰ (42) ਵਜੋਂ ਹੋਈ ਹੈ | ਸੰਸਦ ਕੰਪਲੈਕਸ ‘ਤੇ 6 ਜਨਵਰੀ ਨੂੰ ਹੋਏ ਹਮਲੇ ਦੇ ਸੰਬੰਧ ਵਿਚ ਉਸ ‘ਤੇ ਕਿਸੇ ਵੀ ਅਪਰਾਧ ਦਾ ਦੋਸ਼ ਨਹੀਂ ਲਾਇਆ ਗਿਆ ਸੀ | ਅਧਿਕਾਰੀ ਮੁਤਾਬਕ ਫੈਡਰਲ ਜਾਂਚਕਰਤਾਵਾਂ ਵੱਲੋਂ ਸਿਫਰ ਦੇ ਪ੍ਰਾਊਡ ਬੁਆਏਜ਼ ਸਮੇਤ ਹੋਰ ਸੱਜੇ-ਪੱਖੀ ਕੱਟੜਪੰਥੀ ਸਮੂਹਾਂ ਨਾਲ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ | ਘਟਨਾ ਦੇ ਗਵਾਹਾਂ ਦੇ ਅਨੁਸਾਰ ਸਿਫਰ ਨੇ ਸਵੇਰੇ 9.15 ਵਜੇ ਦੇ ਕਰੀਬ ਐੱਫ ਬੀ ਆਈ ਦਫਤਰ ‘ਚ ਜਾਂਚ ਖੇਤਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਧਿਕਾਰੀ ਪਹੁੰਚੇ ਤਾਂ ਉਹ ਭੱਜ ਗਿਆ | ਓਹੀਓ ਸਟੇਟ ਹਾਈਵੇ ਪੈਟਰੋਲ ਦੇ ਬੁਲਾਰੇ ਲੈਫਟੀਨੈਂਟ ਨਾਥਨ ਡੈਨਿਸ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਅੰਤਰਰਾਜੀ ਹਾਈਵੇ 71 ‘ਤੇ ਭੱਜਣ ਤੋਂ ਬਾਅਦ ਉਸ ਨੂੰ ਇਕ ਸਿਪਾਹੀ ਨੇ ਦੇਖਿਆ ਅਤੇ ਗੋਲੀ ਚਲਾ ਦਿੱਤੀ | ਡੈਨਿਸ ਨੇ ਕਿਹਾ ਕਿ ਸਿਫਰ ਨੇ ਸਿਨਸਿਨਾਟੀ ਦੇ ਉੱਤਰ ‘ਚ ਇੱਕ ਪੇਂਡੂ ਸੜਕ ‘ਤੇ ਆਪਣੀ ਕਾਰ ਛੱਡ ਦਿੱਤੀ ਅਤੇ ਪੁਲਸ ਨਾਲ ਮੁਕਾਬਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਜ਼ਖਮੀ ਹੋ ਗਿਆ | ਹਾਲਾਂਕਿ ਇਸ ਘਟਨਾ ‘ਚ ਕੋਈ ਹੋਰ ਜ਼ਖਮੀ ਨਹੀਂ ਹੋਇਆ | ਡੈਨਿਸ ਨੇ ਕਿਹਾ ਕਿ ਸਿਫਰ ਨੇ ਵੀਰਵਾਰ ਦੁਪਹਿਰ ਕਰੀਬ 3 ਵਜੇ ਪੁਲਸ ਵੱਲ ਆਪਣੀ ਬੰਦੂਕ ਤਾਣ ਦਿੱਤੀ, ਜਿਸ ਮਗਰੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ |