ਟਰੰਪ ਦੀ ਜਿੱਤ ’ਚ ਚਰਚ ਦਾ ਵੱਡਾ ਰੋਲ

0
147

ਚੋਣਾਂ ਤੋਂ ਪਹਿਲਾਂ ਅਮਰੀਕਾ ਦੀ ਜਿਸ ਨਾਮੀ ਅਖਬਾਰ ‘ਨਿਊ ਯਾਰਕ ਟਾਈਮਜ਼’ ਨੇ ਆਪਣੀ ਸੰਪਾਦਕੀ ਵਿੱਚ ਡੋਨਾਲਡ ਟਰੰਪ ਦੇ ਬਖੀਏ ਉਧੇੜ ਦਿੱਤੇ, ਉਸ ਨੂੰ ਝੂਠਾ, ਗਰੀਬਾਂ ਤੇ ਮੱਧ ਵਰਗ ਨੂੰ ਤਬਾਹ ਕਰਨ ਵਾਲਾ ਕਰਾਰ ਦਿੱਤਾ, ਜਮਹੂਰੀਅਤ ਲਈ ਖਤਰਾ ਤੇ ਤਾਨਾਸ਼ਾਹੀ ਨੂੰ ਬੜ੍ਹਾਵਾ ਦੇਣ ਵਾਲਾ ਦੱਸਿਆ, ਉਸੇ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ’ਚ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਚਮਤਕਾਰ ਕਿਵੇਂ ਹੋਇਆ?
ਟਰੰਪ ਦੀ ਟੋਲੀ ਦੀਆਂ ਹੋਰਨਾਂ ਤਰਕੀਬਾਂ ਤੋਂ ਇਲਾਵਾ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਉਸ ਨੇ ਚਰਚਾਂ ਨੂੰ ਖੂਬ ਵਰਤਿਆ। ਸ਼ਹਿਰਾਂ ਤੋਂ ਦੂਰ ਪਿੰਡਾਂ ’ਚ ਚਰਚਾਂ ਦੀ ਤਕੜੀ ਪਕੜ ਹੈ ਅਤੇ ਲੋਕ ਅਕਸਰ ਆਪਣੀ ਜ਼ਿੰਦਗੀ ਦੇ ਫੈਸਲੇ ਤੱਕ ਲੈਣ ਲਈ ਚਰਚਾਂ ’ਤੇ ਨਿਰਭਰ ਕਰਦੇ ਹਨ। ਟਰੰਪ ਦੀ ਟੋਲੀ ਨੇ ਡੈਮੋਕਰੇਟਾਂ ਨੂੰ ਨਾ ਸਿਰਫ ਇਕ ਵਿਰੋਧੀ ਪਾਰਟੀ ਦੇ ਮੈਂਬਰ, ਸਗੋਂ ਦੇਸ਼ਧ੍ਰੋਹੀਆਂ ਤੇ ਅਫਰਾਤਫਰੀ ਦੇ ਏਜੰਟਾਂ ਦੇ ਰੂਪ ਵਿੱਚ ਪੇਸ਼ ਕੀਤਾ। ਗਰਭਪਾਤ ਦੀ ਆਗਿਆ ਦੇਣ ਦੇ ਮਾਮਲੇ ਵਿਚ ਡੈਮੋਕਰੇਟ ਉਮੀਦਵਾਰ ਕਮਲਾ ਹੈਰਿਸ ਦੇ ਰੁਖ ਨੂੰ ਚਰਚ ਵੈਸੇ ਵੀ ਈਸ਼ਵਰ ਵਿਰੋਧੀ ਮੰਨ ਰਹੇ ਸਨ। ਕਾਲਮ ਨਵੀਸ ਰੁਚਿਰਾ ਗੁਪਤਾ ਨੇ ‘ਦੀ ਏਸ਼ੀਅਨ ਏਜ’ ਵਿੱਚ ਲਿਖੇ ਇਕ ਲੇਖ ’ਚ ਦੱਸਿਆ ਹੈ ਕਿ ਜਦ ਉਹ ਚੋਣ ਪ੍ਰਚਾਰ ਦੌਰਾਨ ਪੈਨਸਿਲਵੇਨੀਆ ਦੇ ਵਿੱਚੋ-ਵਿੱਚ ਲੰਘੀ ਤਾਂ ਘਰ, ਸਕੂਲ ਤੇ ਹਸਪਤਾਲ ਮੀਲਾਂ ਦੇ ਵਕਫੇ ਵਿੱਚ ਨਜ਼ਰ ਆਏ। ਚਰਚਾਂ ਤੋਂ ਇਲਾਵਾ ਲੋਕਾਂ ਨੂੰ ਜੋੜਨ ਵਾਲਾ ਕੁਝ ਵੀ ਨਾਂਹ ਦੇ ਬਰਾਬਰ ਨਜ਼ਰ ਆਇਆ। ਇਹ ਸਿਰਫ ਪ੍ਰਾਰਥਨਾ ਕੇਂਦਰ ਹੀ ਨਹੀਂ, ਸਗੋਂ ਬੱਚਿਆਂ ਦੀ ਦੇਖਭਾਲ, ਸਿੱਖਿਆ, ਸਮਾਜੀ ਸੇਵਾ ਤੇ ਇੱਥੋਂ ਤੱਕ ਕਿ ਸਿਆਸੀ ਪਾਠ ਪੜ੍ਹਾਉਣ ਵਾਲੇ ਸਨ। ਅਜਿਹੇ ਭਾਈਚਾਰਿਆਂ, ਜਿੱਥੇ ਸਥਾਨਕ ਬੁਨਿਆਦੀ ਢਾਂਚਾ ਕਮਜ਼ੋਰ ਤੇ ਅਲੱਗ-ਥਲੱਗ ਹੋਵੇ, ਵਿੱਚ ਚਰਚ ਅਜਿਹੀ ਭੂਮਿਕਾ ਨਿਭਾਉਦੇ ਹਨ, ਜਿਸ ਦਾ ਵਿਖਿਆਨ ਕਰਨਾ ਵੀ ਮੁਸ਼ਕਲ ਹੈ। ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ’ਚ ਇਹ ਗੱਲ ਘਰ ਕਰ ਚੁੱਕੀ ਸੀ ਕਿ ਟਰੰਪ ਹੀ ਅਮਰੀਕਾ ਨੂੰ ਬਚਾਉਣ ਵਾਲਾ ਸ਼ਖਸ ਹੈ। ਇਕ ਟੈਕਸੀ ਡਰਾਈਵਰ ਦੀਆਂ ਗੱਲਾਂ ਤੋਂ ਲੱਗਿਆ ਕਿ ਟਰੰਪ ਇਕ ਤਰ੍ਹਾਂ ਨਾਲ ਬਾਈਬਲ ਦਾ ਪਾਤਰ ਹੈ, ਜਿਹੜਾ ਅਫਰਾਤਫਰੀ ਵੱਲ ਵਧ ਰਹੀ ਦੁਨੀਆ ਦੇ ਖਿਲਾਫ ਖੜ੍ਹਾ ਹੈ। ਉਸ ਲਈ ਡੈਮੋਕਰੇਟ ਸਿਰਫ ਵਿਰੋਧੀ ਪਾਰਟੀ ਦੇ ਮੈਂਬਰ ਨਹੀਂ ਸਨ, ਬਲਕਿ ਚੀਨ ਨਾਲ ਮਿਲ ਕੇ ਅਮਰੀਕਾ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਘੜਨ ਵਾਲੇ ਸਨ। ਜਦੋਂ ਉਸ ਨੂੰ ਪੁੱਛਿਆ ਕਿ ਤੈਨੂੰ ਇਹ ਸਭ ਕਿੱਥੋਂ ਪਤਾ ਲੱਗਿਆ ਤਾਂ ਉਸ ਨੇ ਜਵਾਬ ਦਿੱਤਾ, ਚਰਚ ਤੋਂ। ਇਕ ਢਾਬੇ ’ਤੇ ਗੱਲਬਾਤ ਦੌਰਾਨ ਵੀ ਲੋਕਾਂ ਨੇ ਅਜਿਹੀਆਂ ਗੱਲਾਂ ਕੀਤੀਆਂ। ਪੁੱਛਣ ’ਤੇ ਉਨ੍ਹਾਂ ਵੀ ਕਿਹਾ ਕਿ ਇਹ ਗੱਲਾਂ ਚਰਚ ਤੋਂ ਪਤਾ ਲੱਗੀਆਂ। ਨਿਊ ਯਾਰਕ ਦੇ ਇਕ ਹੋਟਲ ਦੀ ਮਹਿਲਾ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਕ ਵੱਡੇ ਚਰਚ ਵਿੱਚ ਜਾਂਦੀ ਹੈ, ਜਿੱਥੇ ਪਾਦਰੀ ਅਪ੍ਰਵਾਸ, ਗਰਭਪਾਤ ਤੇ ਕੌਮੀ ਸੁਰੱਖਿਆ ਨੂੰ ਖਤਰਾ ਦੇ ਮੁੱਦਿਆਂ ’ਤੇ ਗੱਲ ਕਰਦੇ ਹਨ। ਇਹ ਇੰਜ ਸੀ, ਜਿਵੇਂ ਇਕ ਮੁਹਿੰਮ ਚਲਾਈ ਹੋਈ ਸੀ। ਰੁਚਿਰਾ ਨੇ ਨਤੀਜਾ ਕੱਢਿਆ ਕਿ ਕਮਲਾ ਹੈਰਿਸ ਸਿਰਫ ਆਪਣੀਆਂ ਨੀਤੀਆਂ ਜਾਂ ਪਛਾਣ ਕਾਰਨ ਨਹੀਂ ਹਾਰੀ, ਸਗੋਂ ਇਸ ਕਰਕੇ ਹਾਰੀ ਕਿ ਉਸ ਦਾ ਸੰਦੇਸ਼ ਚਰਚਾਂ ਦੇ ਵਿਸ਼ਾਲ ਨੈੱਟਵਰਕ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ।
ਅਮਰੀਕੀ ਚੋਣਾਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਧਰਮ ਗੁਰੂ ਚੋਣਾਂ ਵਿੱਚ ਕਿੰਨਾ ਵੱਡਾ ਰੋਲ ਨਿਭਾਉਦੇ ਹਨ। ਭਾਰਤ ਵਿੱਚ ਭਾਜਪਾ ਨੂੰ ਵੀ ਇਸ ਦਾ ਬਹੁਤ ਫਾਇਦਾ ਮਿਲਿਆ ਹੈ। ਦੂਜੀ ਵੱਡੀ ਪਾਰਟੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਵੀ ਅੱਜਕੱਲ੍ਹ ਚੋਣਾਂ ਵੇਲੇ ਧਰਮ ਸਥਾਨਾਂ ਦੇ ਚੱਕਰ ਲਾਉਦੇ ਹਨ, ਪਰ ਉਨ੍ਹਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਭਾਜਪਾ ਲਈ ਉਸ ਦੀ ਮਾਂ ਆਰ ਐੱਸ ਐੱਸ ਨੇ ਇਕ ਸਦੀ ਲਾ ਕੇ ਅਜਿਹਾ ਨੈੱਟਵਰਕ ਬਣਾਇਆ ਹੈ, ਜਿਹੜਾ ਝੂਠ ਨੂੰ ਸੱਚ ਸਾਬਤ ਕਰ ਸਕਦਾ ਹੈ। ਇਸ ਨੈੱਟਵਰਕ ਨੂੰ ਤਾਂ ਹੀ ਤਬਾਹ ਕੀਤਾ ਜਾ ਸਕਦਾ ਹੈ, ਜੇ ਭਾਜਪਾ ਨੂੰ ਸੱਤਾ ਤੋਂ ਲਾਹੁਣਾ ਚਾਹੁੰਦੀਆਂ ਪਾਰਟੀਆਂ ਨਿਰੰਤਰ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨ ਕਿ ਧਰਮ ਨੇ ਗਰੀਬੀ ਤੇ ਬੇਰੁਜ਼ਗਾਰੀ ਦੂਰ ਨਹੀਂ ਕਰਨੀ। ਭਾਜਪਾ ਜਿਨ੍ਹਾਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ, ਉਸ ਨਾਲ ਗਰੀਬੀ ਵਧਣੀ ਹੀ ਹੈ ਤੇ ਅਮੀਰਾਂ ਨੇ ਹੋਰ ਅਮੀਰ ਹੋਣਾ ਹੈ।