ਨਵੀਂ ਦਿੱਲੀ : ਇੱਥੋਂ ਦੇ ਰੋਹਿਣੀ ‘ਚ ਰਿਟਾਇਰਡ 70 ਸਾਲਾ ਇੰਜੀਨੀਅਰ ਨੂੰ ਸਾਈਬਰ ਧੋਖਾਧੜੀ ‘ਚ ਫਸਾ ਕੇ 10 ਕਰੋੜ 30 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ | ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਕਈ ਕੰਪਨੀਆਂ ‘ਚ ਉੱਚ ਅਹੁਦਿਆਂ ‘ਤੇ ਰਹਿ ਚੁੱਕਿਆ ਹੈ | ਉਸ ਦੇ ਨਾਂਅ ‘ਤੇ ਇੱਕ ਕੋਰੀਅਰ ਹੋਣ ਬਾਰੇ ਠੱਗਾਂ ਵੱਲੋਂ ਇੱਕ ਫੋਨ ਆਇਆ ਸੀ | ਜਿਵੇਂ ਹੀ ਪੀੜਤ ਨੇ ਕਾਲ ਅਟੈਂਡ ਕੀਤੀ, ਉਨ੍ਹਾਂ ਵੱਲੋਂ ਨਿੱਜੀ ਜਾਣਕਾਰੀ ਪੁੱਛਣ ਤੋਂ ਬਾਅਦ ਉਸ ਨੂੰ ਧਮਕੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਤਾਈਵਾਨ ਤੋਂ ਪਾਬੰਦੀਸ਼ੁਦਾ ਦਵਾਈਆਂ ਦਾ ਇੱਕ ਪਾਰਸਲ ਉਸ ਦੇ ਨਾਂਅ ‘ਤੇ ਪਹੁੰਚਿਆ ਹੈ, ਜਿਸ ਸੰਬੰਧੀ ਉਸ ਖਿਲਾਫ ਐੱਫ ਆਈ ਆਰ ਦਰਜ ਕੀਤੀ ਗਈ ਹੈ | ਠੱਗਾਂ ਨੇ ਪੀੜਤ ਨੂੰ ਧਮਕਾਉਂਦਿਆਂ ਉਸ ਨੂੰ ਇੱਕ ਕਮਰੇ ‘ਚ ਮੋਬਾਈਲ ਜਾਂ ਲੈਪਟਾਪ ਦੇ ਕੈਮਰੇ ਦੇ ਸਾਹਮਣੇ ਬੈਠਣ ਲਈ ਕਿਹਾ |
ਠੱਗ ਨੇ ਆਪਣੇ ਆਪ ਨੂੰ ਮੁੰਬਈ ਪੁਲਸ ਦੇ ਅਧਿਕਾਰੀ ਵਜੋਂ ਦਰਸਾਉਂਦੇ ਹੋਏ ਪੀੜਤ ਨਾਲ ਗੱਲ ਕੀਤੀ ਅਤੇ ਉਸ ਦੀ ਮਦਦ ਕਰਨ ਦੇ ਨਾਂਅ ‘ਤੇ ਪੀੜਤ ਦੇ ਬੈਂਕ ਖਾਤੇ ਵਿੱਚੋਂ 10 ਕਰੋੜ 30 ਲੱਖ ਰੁਪਏ ਜਮ੍ਹਾਂ ਕਰਵਾਏ | ਵੱਡੀ ਧੋਖਾਧੜੀ ਦਾ ਅਹਿਸਾਸ ਹੋਣ ‘ਤੇ ਪੀੜਤ ਨੇ ਮਦਦ ਲਈ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮਾਮਲਾ ਸਾਈਬਰ ਟੀਮ ਨੂੰ ਸੌਂਪ ਦਿੱਤਾ ਗਿਆ | ਸਾਈਬਰ ਟੀਮ ਨੇ ਹੁਣ ਤੱਕ 60 ਲੱਖ ਰੁਪਏ ਦੀ ਰਕਮ ਫਰੀਜ਼ ਕਰ ਲਈ ਹੈ, ਅਗਲੇਰੀ ਜਾਂਚ ਜਾਰੀ ਹੈ |