ਭਾਰਤੀ ਲੋਕ ਸਭਾ ’ਚ ਅਜੇ ਸਿਰਫ ਚਿੰਤਾ ਹੀ!

0
137

ਨਵੀਂ ਦਿੱਲੀ : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਸ਼ਲੀਲ ਸਮਗਰੀ ਨੂੰ ਰੋਕਣ ਲਈ ਮੌਜੂਦਾ ਕਾਨੂੰਨਾਂ ਨੂੰ ਹੋਰ ਸਖਤ ਬਣਾਉਣ ਦੀ ਲੋੜ ਹੈ। ਲੋਕ ਸਭਾ ’ਚ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਕਿਹਾ ਕਿ ਪਹਿਲਾਂ ਤੱਥਾਂ ਬਾਰੇ ਸੰਪਾਦਕੀ ਪੱਧਰ ਦੀ ਜਾਂਚ ਹੁੰਦੀ ਸੀ ਅਤੇ ਇਹ ਤੈਅ ਕੀਤਾ ਜਾਂਦਾ ਸੀ ਕਿ ਕੀ ਕੁਝ ਸਹੀ ਹੈ ਤੇ ਕੀ ਕੁਝ ਗਲਤ, ਪਰ ਹੁਣ ਪਹਿਲਾਂ ਵਾਲੀ ਜਾਂਚ ਖਤਮ ਹੋ ਗਈ ਹੈ। ਮੰਤਰੀ ਨੇ ਕਿਹਾ ਕਿ ਅੱਜ ਸੋਸ਼ਲ ਮੀਡੀਆ ਪ੍ਰੈੱਸ ਦੀ ਆਜ਼ਾਦੀ ਲਈ ਇੱਕ ਪਲੇਟਫਾਰਮ ਹੈ, ਪਰ ਇਹ ਬੇਕਾਬੂ ਹੋ ਗਿਆ ਹੈ ਅਤੇ ਅਸ਼ਲੀਲ ਸਮਗਰੀ ਪਰੋਸ ਰਿਹਾ ਹੈ।
ਇਸ ਤੋਂ ਪਹਿਲਾਂ ਭਾਜਪਾ ਮੈਂਬਰ ਅਰੁਣ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਸ਼ਲੀਲ ਸਮਗਰੀ ਦੇ ਪ੍ਰਸਾਰਨ ਨੂੰ ਰੋਕਣ ਲਈ ਮੌਜੂਦਾ ਵਿਧੀ-ਵਿਧਾਨ ਬਾਰੇ ਜਵਾਬ ਮੰਗਿਆ ਸੀ। ਉਨ੍ਹਾ ਕਿਹਾ ਕਿ ਕੀ ਸਰਕਾਰ ਮੌਜੂਦਾ ਕਾਨੂੰਨਾਂ ਨੂੰ ਇਸ ਤੱਥ ਨੂੰ ਧਿਆਨ ’ਚ ਰੱਖਦੇ ਹੋਏ ਹੋਰ ਸਖਤ ਬਣਾਉਣ ਦੀ ਤਜਵੀਜ਼ ਰੱਖ ਰਹੀ ਹੈ ਕਿ ਉਕਤ ਕਾਨੂੰਨ ਇਨ੍ਹਾਂ ਪਲੇਟਫਾਰਮਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਨਹੀਂ ਹਨ।