ਗਵਾਹਾਂ ਨੂੰ ਧਮਕਾਉਣ ਦੇ ਦੋਸ਼ ’ਚ ਟੈਣੀ ਤੋਂ ਜਵਾਬ ਤਲਬ

0
143

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਆਸ਼ੀਸ਼ ਮਿਸ਼ਰਾ ਉਰਫ ਟੈਣੀ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਗਵਾਹਾਂ ਨੂੰ ਧਮਕੀਆਂ ਦਿੱਤੇ ਜਾਣ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ। ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਉੱਜਲ ਭੂਈਆਂ ਦੀ ਬੈਂਚ ਨੇ ਟੈਣੀ ਦੇ ਵਕੀਲ ਨੂੰ ਦੋਸ਼ਾਂ ਨੂੰ ਸਪੱਸ਼ਟ ਕਰਨ ਵਾਲਾ ਜਵਾਬੀ ਹਲਫਨਾਮਾ ਦਾਇਰ ਕਰਨ ਲਈ ਕਹਿੰਦਿਆਂ ਚਾਰ ਹਫਤਿਆਂ ਵਿਚ ਜਵਾਬ ਮੰਗਿਆ ਹੈ। ਇਸ ਦੌਰਾਨ ਟੈਣੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਦਵੇ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਵੀ ਅਜਿਹੇ ਮਾਮਲੇ ਅਦਾਲਤ ਕੋਲ ਆਉਂਦੇ ਹਨ ਤਾਂ ਹਰ ਵਾਰ ਅਜਿਹੇ ਦੋਸ਼ ਹੀ ਲੱਗਦੇ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਟੈਣੀ ਦੀ ਅੰਤਰਮ ਜ਼ਮਾਨਤ ਦੀਆਂ ਸ਼ਰਤਾਂ ਨੂੰ ਸੋਧਦਿਆਂ ਉਸ ਨੂੰ ਦਿੱਲੀ ਜਾਂ ਲਖਨਊ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਸੀ ਅਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਮੁਕੱਦਮੇ ਦੀ ਸੁਣਵਾਈ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ। ਸੁਪਰੀਮ ਕੋਰਟ ਨੇ 25 ਜਨਵਰੀ 2023 ਨੂੰ ਟੈਣੀ ਨੂੰ ਅੱਠ ਹਫਤਿਆਂ ਲਈ ਕੁਝ ਸ਼ਰਤਾਂ ਤਹਿਤ ਅੰਤਰਮ ਜ਼ਮਾਨਤ ਦਿੱਤੀ ਸੀ ਤੇ ਬਾਅਦ ਵਿਚ ਜ਼ਮਾਨਤ ਦੇ ਸਮੇਂ ਨੂੰ ਵਧਾਇਆ ਗਿਆ ਸੀ। ਸੁਪਰੀਮ ਕੋਰਟ ਨੇ ਟੈਣੀ ਨੂੰ ਉਸ ਦੇ ਟਿਕਾਣੇ ਬਾਰੇ ਸੰਬੰਧਤ ਅਦਾਲਤ ਨੂੰ ਸੂਚਿਤ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਟੈਣੀ ਜਾਂ ਉਸ ਦੇ ਪਰਵਾਰ ਵੱਲੋਂ ਗਵਾਹਾਂ ਨੂੰ ਪ੍ਰਭਾਵਤ ਕਰਨ ਅਤੇ ਮੁਕੱਦਮੇ ’ਚ ਦੇਰੀ ਕਰਨ ਦੀ ਕੋਸ਼ਿਸ਼ ਕਰਨ ਨਾਲ ਉਸ ਦੀ ਜ਼ਮਾਨਤ ਰੱਦ ਹੋ ਸਕਦੀ ਹੈ। ਸਾਬਕਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਟੈਣੀ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਪਹਿਲਾਂ ਅਲਾਹਾਬਾਦ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਤਿਕੋਨੀਆ-ਬਨਬੀਰਪੁਰ ਮਾਰਗ ਉੱਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਖਿਲਾਫ ਪ੍ਰਦਰਸ਼ਨ ਕਰ ਰਹੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧੀਆਂ ਨੂੰ ਕਥਿਤ ਤੌਰ ਉੱਤੇ ਦੋ ਐੱਸ ਯੂ ਵੀ ਵਾਹਨਾਂ ਰਾਹੀਂ ਦਰੜ ਦਿੱਤਾ ਗਿਆ ਸੀ ਤੇ ਇਹ ਦੋਸ਼ ਟੈਣੀ ’ਤੇ ਲੱਗੇ ਸਨ। ਇਸ ਘਟਨਾ ਵਿਚ ਕੁਝ ਕਿਸਾਨਾਂ ਦੀ ਮੌਤ ਹੋ ਗਈ, ਜਦਕਿ ਕਈ ਕਿਸਾਨ ਗੰਭੀਰ ਜ਼ਖਮੀ ਹੋ ਗਏ।